ਬੱਧਨੀ ਕਲਾਂ, 12 ਮਈ (ਸੰਜੀਵ ਕੋਛੜ)-ਸਫਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ਤੇ ਨਗਰ ਪੰਚਾਇਤ ਬੱਧਨੀ ਕਲਾਂ ਦੇ ਸਫਾਈ ਸੇਵਕਾਂ, ਕੰਪਿਊਟਰ ਅਪਰੇਟਰਾਂ ਅਤੇ ਕਲੈਰੀਕਲ ਕਾਮਿਆਂ ਦੁਆਰਾ ਅਣਮਿਥੇ ਸਮੇਂ ਲਈ ਕੀਤੀ ਗਈ ਮੁਕੰਮਲ ਕੰਮ ਛੋੜ ਹੜਤਾਲ ਜਿੱਥੇ ਅੱਜ 7ਵੇਂ ਦਿਨ 'ਚ ਦਾਖਲ ਹੋ ਚੱੁਕੀ ਹੈ ਉੱਥੇ ਹੀ ਜਨਰਲ ਸਕੱਤਰ ਸੋਨੂੰ ਦੀ ਅਗਵਾਈ 'ਚ ਨਗਰ ਪੰਚਾਇਤ ਦੇ ਕਲੈਰੀਕਲ ਕਰਮਚਾਰੀਆਂ ਅਤੇ ਸਫਾਈ ਸੇਵਕਾਂ ਨੇ ਸ਼ਹਿਰ ਦੇ ਮੁੱਖ ਬਾਜ਼ਾਰਾਂ 'ਚ ਰੋਸ ਰੈਲੀ ਕੱਢਦਿਆਂ ਸੂਬਾ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ | ਇਸ ਸਮੇਂ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸਫਾਈ ਸੇਵਕ ਕਾਮਿਆਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਨਹੀਂ ਮੰਨ ਰਹੀ ਇਸ ਲਈ ਪੂਰੇ ਪੰਜਾਬ ਦੇ ਸਫਾਈ ਸੇਵਕ ਕੰਮ ਛੋੜ ਹੜਤਾਲ 'ਤੇ ਬੈਠੇ ਹਨ | ਉਨ੍ਹਾਂ ਸਰਕਾਰ ਨੂੰ ਚਿਤਾਵਨੀ ਭਰੇ ਸ਼ਬਦਾਂ 'ਚ ਕਿਹਾ ਕਿ ਇਹ ਹੜਤਾਲ ਓਨੀ ਦੇਰ ਤੱਕ ਇਸੇ ਤਰ੍ਹਾਂ ਚੱਲੇਗੀ ਜਦੋਂ ਤੱਕ ਸਰਕਾਰ ਕੱਚੇ ਮੁਲਾਜ਼ਮ ਪੱਕੇ ਕਰਨ, ਠੇਕੇਦਾਰੀ ਪ੍ਰਥਾ ਖਤਮ ਕਰਨ, 2004 ਤੋਂ ਰੁਕੀਆਂ ਪੈਨਸ਼ਨਾਂ ਬਹਾਲ ਕਰਨ, ਕੰਮ ਬਰਾਬਰ ਤਨਖਾਹ ਦੇਣ ਆਦਿ ਮੰਗਾਂ ਨੂੰ ਮੰਨ ਨਹੀਂ ਲੈਂਦੀ | ਇਸ ਮੌਕੇ ਬਬਲੀ ਪ੍ਰਧਾਨ, ਸੋਨੂੰ ਜਨਰਲ ਸਕੱਤਰ, ਮੰਗੂ ਚੇਅਰਮੈਨ, ਗੱਬੀ ਮੀਤ ਪ੍ਰਧਾਨ, ਲਾਭ ਸਿੰਘ, ਮਹਾਂਵੀਰ ਸਿੰਘ, ਧਰਮਪਾਲ, ਰੱਤੀ ਰਾਮ, ਦਰਸ਼ਨ ਕੁਮਾਰ, ਜਿੰਦਰਪਾਲ, ਸੱਤਪਾਲ, ਲੇਖ ਰਾਮ, ਮਿੰਦਰ ਸਿੰਘ, ਮੁਕੇਸ਼, ਲੱਖੀ ਰਾਮ, ਪਵਨਦੀਪ ਸਿੰਘ, ਮਨਜਿੰਦਰ ਸਿੰਘ, ਸੁਖਰਾਜ, ਮਨਪ੍ਰੀਤ ਸਿੰਘ ਕਲਰਕ, ਯਾਦਵਿੰਦਰ ਸਿੰਘ ਕਲਰਕ, ਸਤਿੰਦਰਪਾਲ ਸਿੰਘ ਕੰਪਿਉੂਟਰ ਅਪਰੇਟਰ, ਰਾਜਬਿੰਦਰ ਕੌਰ ਕੰਪਿਉੂਟਰ ਅਪਰੇਟਰ, ਰਮਨਦੀਪ ਕੌਰ, ਕਮਲਜੀਤ ਕੌਰ ਆਦਿ ਸਮੇਤ ਹੋਰ ਵੀ ਸਫਾਈ ਸੇਵਕ ਅਤੇ ਹੋਰ ਕਰਮਚਾਰੀ ਹਾਜ਼ਰ ਸਨ | ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸਫਾਈ ਸੇਵਕਾਂ ਦੀ ਬੀਤੇ ਦਿਨਾਂ ਤੋਂ ਚੱਲ ਰਹੀ ਕੰਮ ਛੋੜ ਹੜਤਾਲ ਕਾਰਨ ਸ਼ਹਿਰ ਵਿਚ ਜਗ੍ਹਾ-ਜਗ੍ਹਾ ਕੂੜੇ ਦੇ ਢੇਰ ਲੱਗ ਗਏ ਹਨ ਜਿੰਨ੍ਹਾਂ ਨੂੰ ਦੇਖਦਿਆਂ ਸਮਾਜਸੇਵੀ ਸੰਸਥਾਵਾਂ, ਸ਼ਹਿਰ ਵਾਸੀਆਂ ਅਤੇ ਬੁੱਧੀ ਜੀਵੀ ਵਰਗ ਨੇ ਸੂਬਾ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਸਫਾਈ ਸੇਵਕ ਯੂਨੀਅਨ ਅਤੇ ਨਗਰ ਪੰਚਾਇਤ ਦੇ ਕਲੈਰੀਕਲ ਕਰਮਚਾਰੀਆਂ ਨਾਲ ਗੱਲਬਾਤ ਕਰਕੇ ਇਨ੍ਹਾਂ ਦਾ ਕੋਈ ਪੱਕਾ ਹੱਲ ਕੀਤਾ ਜਾਵੇ ਤਾਂ ਜੋ ਲੋਕ ਕੂੜੇ ਦੇ ਢੇਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਦੀ ਜਕੜ 'ਚ ਆਉਣ ਤੋਂ ਬਚ ਸਕਣ |
ਨਗਰ ਪੰਚਾਇਤ ਦੇ ਕਲੈਰੀਕਲ ਕਰਮਚਾਰੀਆਂ ਤੇ ਸਫਾਈ ਸੇਵਕਾਂ ਵਲੋਂ ਬਾਜ਼ਾਰਾਂ 'ਚ ਰੋਸ ਰੈਲੀ
ਅਜੀਤ ਡੈਸਕ
13-05-2026