ਮੋਗਾ, 12 ਮਈ (ਗੁਰਤੇਜ ਸਿੰਘ ਬੱਬੀ)-ਸਬ ਡਵੀਜ਼ਨ ਸਿਟੀ ਮੋਗਾ ਦੇ ਏਰੀਆ ਵਿਚ ਕਾਸੋ ਅਪ੍ਰੇਸ਼ਨ ਦੌਰਾਨ ਡਰੱਗ ਹਾਟ ਸਪਾਟ ਏਰੀਆ ਦੀ ਸਰਚ ਡਰੱਗ/ਸ਼ਰਾਬ ਸਬੰਧੀ ਇਕ ਮੁਕੱਦਮਾ ਦਰਜ ਕਰਕੇ ਇਕ ਦੋਸ਼ੀ ਨੂੰ ਕਾਬੂ ਕੀਤਾ ਗਿਆ ਅਤੇ ਉਸ ਪਾਸੋਂ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ | ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਨੇ ਪੈੱ੍ਰਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਬ ਡਵੀਜ਼ਨ ਸਿਟੀ ਮੋਗਾ ਵਲੋਂ ਯੁੱਧ ਨਸ਼ਿਆਂ ਵਿਰੁੱਧ ਅਤੇ ਪਿੰਡਾਂ ਦੇ ਪਹਿਰੇਦਾਰ ਚਲਾਈ ਗਈ ਮੁਹਿੰਮ ਦੌਰਾਨ ਕਾਰਵਾਈ ਕਰਦਿਆਂ ਹੁਣ ਤੱਕ ਡਰੱਗ ਦੇ ਸੱਤ ਮੁਕੱਦਮੇ ਦਰਜ ਕਰਕੇ ਸੱਤ ਦੋਸ਼ੀਆਂ ਨੂੰ ਕਾਬੂ ਕਰਕੇ 169 ਨਸ਼ੀਲੀਆਂ ਗੋਲੀਆਂ ਅਤੇ 125 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ | ਸ਼ਰਾਬ ਦਾ ਧੰਦਾ ਕਰਨ ਵਾਲਿਆਂ ਖ਼ਿਲਾਫ਼ ਇਕ ਮੁਕੱਦਮਾ ਦਰਜ ਕਰਕੇ ਦੋਸ਼ੀ ਪਾਸੋਂ 153 ਲੀਟਰ ਸ਼ਰਾਬ ਅੰਗਰੇਜ਼ੀ ਬਰਾਮਦ ਕੀਤੀ ਗਈ | ਇਸ ਅਰਸੇ ਦੌਰਾਨ 2 ਪੀ.ਓਜ (ਭਗੌੜੇ) ਗੁਰਪ੍ਰੀਤ ਸਿੰਘ ਉਰਫ਼ ਗੋਪੀ ਜੰਗ ਪੁੱਤਰ ਰੇਸ਼ਮ ਸਿੰਘ ਵਾਸੀ ਮਖੂ ਰੋਡ ਜ਼ੀਰਾ (ਫ਼ਿਰੋਜਪੁਰ) ਜੋ ਐਕਸਾਈਜ਼ ਐਕਟ ਥਾਣਾ ਸਿਟੀ ਸਾਊਥ ਮੋਗਾ ਵਿਚ ਪੀ.ਓ. ਸੀ ਨੂੰ ਗਿ੍ਫ਼ਤਾਰ ਕੀਤਾ ਗਿਆ | ਦੋਸ਼ੀ ਸੰਜੀਵ ਪੁੱਤਰ ਹਰਜਿੰਦਰ ਸਿੰਘ ਵਾਸੀ ਸਮਾਲਸਰ ਥਾਣਾ ਸਿਟੀ ਸਾਊਥ ਵਿਚ ਪੀ.ਓ. ਸੀ ਨੂੰ ਗਿ੍ਫ਼ਤਾਰ ਕੀਤਾ ਗਿਆ | ਲੋਕਾਂ ਨੂੰ ਵੀ ਨਸ਼ਾ ਵਿਰੋਧੀ ਮੁਹਿੰਮ ਵਿਚ ਸਹਿਯੋਗ ਦੇਣ ਲਈ ਅਪੀਲ ਕੀਤੀ ਗਈ | ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਪੰਚਾਇਤਾਂ/ ਸਪੋਰਟਸ/ ਕਲੱਬਾਂ/ ਮੋਹਤਵਾਰ ਪੁਰਸ਼ਾਂ ਨਾਲ ਮੀਟਿੰਗਾਂ/ ਸੰਪਰਕ ਮੀਟਿੰਗਾਂ ਕਰਕੇ ਆਪ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ | ਇਸ ਅਰਸੇ ਦੌਰਾਨ ਕੁੱਲ ਅੱਠ ਪਿੰਡਾਂ/ਸ਼ਹਿਰਾਂ ਡਗਰੂ, ਡਰੋਲੀ ਭਾਈ, ਲੰਢੇਕੇ, ਟਰੱਕ ਯੂਨੀਅਨ ਮੋਗਾ, ਸਾਧਾਂ ਵਾਲੀ ਬਸਤੀ ਮੋਗਾ, ਚੌਂਕ ਸ਼ੇਖ਼ਾ ਮੋਗਾ, ਚੜਿੱਕ ਅਤੇ ਸਿੰਘਾਂਵਾਲਾ ਵਿਚ ਆਮ ਲੋਕਾਂ ਨਾਲ ਮੀਟਿੰਗਾਂ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ ਤੇ ਆਪ ਲੋਕਾਂ ਨੂੰ ਨਸ਼ੇ ਦਾ ਧੰਦਾ ਕਰਨ ਵਾਲੇ ਸਮਗਲਰਾਂ ਸਬੰਧੀ ਪੁਲਿਸ ਨੂੰ ਇਤਲਾਹ ਦੇਣ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਨਸ਼ੇ ਦੇ ਕੋਹੜ ਨੂੰ ਜੜ ਤੋ ਖ਼ਤਮ ਕੀਤਾ ਜਾ ਸਕੇ | ਨਸ਼ੇ ਦਾ ਧੰਦਾ ਕਰਨ ਵਾਲੇ ਮਾੜੇ ਅਨਸਰਾਂ ਖ਼ਿਲਾਫ਼ ਕਾਰਵਾਈ ਕਰਦਿਆਂ ਨਸ਼ਿਆਂ ਦੀ ਰੋਕਥਾਮ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ ਨਸ਼ਿਆਂ ਖ਼ਿਲਾਫ਼ ਜੰਗ ਜਾਰੀ ਹੈ |