ਮੋਗਾ, 12 ਮਈ (ਸੁਰਿੰਦਰਪਾਲ ਸਿੰਘ)-ਸਥਾਨਕ ਹੋਲੀ ਹਾਰਟ ਕਾਨਵੈਂਟ ਸਕੂਲ, ਮੋਗਾ ਵਿਖੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਮੁੱਖ ਰੱਖਦਿਆਂ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਵਿਸ਼ੇਸ਼ ਸਵੇਰ ਦੀ ਸਭਾ ਲਗਾਈ | ਇਸ ਸਭਾ ਦਾ ਮੁੱਖ ਵਿਸ਼ਾ 'ਅਨੁਸ਼ਾਸਨ ਅਤੇ ਜੀਵਨ ਜਾਂਚ' ਰਿਹਾ | ਅਧਿਆਪਕਾਂ ਵਲੋਂ ਦਿੱਤੇ ਗਏ ਅਨੁਸ਼ਾਸਨ ਦੇ ਅਨਮੋਲ ਪਾਠ ਅਤੇ ਜੀਵਨ ਜਾਚ ਦੀਆਂ ਗੱਲਾਂ ਨੇ ਵਿਦਿਆਰਥੀਆਂ ਵਿਚ ਇਕ ਨਵੀਂ ਰੂਹ ਫੂਕ ਦਿੱਤੀ, ਜਿਸ ਸਦਕਾ ਉਹ ਨਾ ਸਿਰਫ਼ ਮਾਨਸਿਕ ਤੌਰ 'ਤੇ ਵਧੇਰੇ ਇਕਾਗਰ ਹੋਏ ਸਗੋਂ ਸਾਰਾ ਦਿਨ ਖ਼ੁਦ ਨੂੰ ਬੇਹੱਦ ਤਾਜ਼ਾ-ਦਮ, ਚੁਸਤ ਅਤੇ ਸਕਾਰਾਤਮਿਕ ਮਹਿਸੂਸ ਕਰਦੇ ਰਹੇ | ਇਸ ਮੌਕੇ ਵਿਦਿਆਰਥੀਆਂ ਨੇ ਪ੍ਰਣ ਕੀਤਾ ਕਿ ਉਹ ਨਾ ਸਿਰਫ਼ ਸਕੂਲ ਵਿਚ ਸਗੋਂ ਆਪਣੇ ਨਿੱਜੀ ਜੀਵਨ ਵਿਚ ਵੀ ਸਮੇਂ ਦੀ ਪਾਬੰਦੀ ਅਤੇ ਨਿਯਮਾਂ ਦੀ ਪਾਲਣਾ ਕਰਨਗੇ | ਸਕੂਲ ਪ੍ਰਬੰਧਕਾਂ ਅਨੁਸਾਰ ਸਵੇਰ ਦੀ ਸਭਾ ਦਾ ਮੁੱਖ ਮਕਸਦ ਬੱਚਿਆਂ ਦੇ ਅੰਦਰੂਨੀ ਆਤਮ-ਵਿਸ਼ਵਾਸ ਨੂੰ ਵਧਾਉਣਾ ਹੈ |