ਮੋਗਾ, 12 ਮਈ (ਸੁਰਿੰਦਰਪਾਲ ਸਿੰਘ)-ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਵਿਚ ਯੂਰੀਆ ਅਤੇ ਡੀ.ਏ.ਪੀ. ਵਰਗੀਆਂ ਖਾਦਾਂ ਦੀ ਸੰਤੁਲਿਤ ਵਰਤੋਂ ਸਬੰਧੀ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਵਲੋਂ ਜ਼ਿਲ੍ਹੇ ਦੇ ਖਾਦ ਸਪਲਾਈ ਕਰਨ ਵਾਲੀਆਂ ਕੰਪਨੀਆਂ ਦੇ ਨੁਮਾਇੰਦਿਆਂ, ਖਾਦ ਹੋਲ ਸੇਲ ਵਿਕੇ੍ਰਤਾਵਾਂ, ਡੀ.ਐਮ ਮਾਰਕਫੈੱਡ, ਡੀ.ਆਰ ਸਹਿਕਾਰੀ ਸਭਾਵਾਂ ਅਤੇ ਖੇਤੀਬਾੜੀ ਅਫ਼ਸਰ ਮੋਗਾ ਦੀ ਵਿਸ਼ੇਸ਼ ਮੀਟਿੰਗ ਬੁਲਾਈ | ਇਸ ਮੀਟਿੰਗ ਦਾ ਮੁੱਖ ਮੰਤਵ ਕਿਸਾਨਾਂ ਨੂੰ ਆਗਾਮੀ ਸੀਜ਼ਨ ਦੌਰਾਨ ਆਪਣੀਆਂ ਫ਼ਸਲਾਂ ਵਿਚ ਖਾਦਾਂ ਦੀ ਸੰਤੁਲਿਤ ਵਰਤੋਂ ਕਰਨ ਲਈ ਜਾਗਿ੍ਤ ਕਰਨ ਸਬੰਧੀ ਵਿਭਾਗਾਂ ਨੂੰ ਪਾਬੰਦ ਕਰਨਾ ਸੀ | ਡਿਪਟੀ ਕਮਿਸ਼ਨਰ ਸ੍ਰੀ ਸੇਤੀਆ ਨੇ ਖੇਤੀਬਾੜੀ ਅਤੇ ਕੋਆਪ੍ਰੇਟਿਵ ਵਿਭਾਗ ਨੂੰ ਕਿਸਾਨ ਸਿਖਲਾਈ ਕੈਂਪਾਂ ਅਤੇ ਕਿਸਾਨਾਂ ਨਾਲ ਨਿੱਜੀ ਤਾਲਮੇਲ ਕਰਦੇ ਹੋਏ ਮਿੱਟੀ ਪਰਖ ਦੇ ਅਧਾਰ ਤੇ ਖਾਦਾਂ ਦੀ ਵਰਤੋਂ ਕਰਨ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ 'ਤੇ ਅਮਲ ਕਰਨ ਲਈ ਜਾਗਿ੍ਤ ਕਰਨ ਲਈ ਕਿਹਾ | ਉਨ੍ਹਾਂ ਖਾਦ ਹੋਲ ਸੇਲ ਵਿਕੇ੍ਰਤਾਵਾਂ ਅਤੇ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਕਿਸਾਨਾਂ ਨੂੰ ਉੱਚ ਮਿਆਰ ਦੀਆਂ ਖਾਦਾਂ ਨਿਰਧਾਰਿਤ ਮੁੱਲ 'ਤੇ ਹੀ ਮੁਹੱਈਆ ਕਰਵਾਈਆਂ ਜਾਣ ਅਤੇ ਕਿਸੇ ਵੀ ਤਰ੍ਹਾਂ ਦੇ ਵਾਧੂ ਮੈਟੀਰੀਅਲ ਦੀ ਵਿੱਕਰੀ ਖਾਦਾਂ ਦੇ ਨਾਲ ਨਾ ਕੀਤੀ ਜਾਵੇ | ਜੇਕਰ ਕਿਸੇ ਖਾਦ ਕੰਪਨੀ ਜਾਂ ਖਾਦ ਵਿਕਰੇਤਾ ਨੂੰ ਕੋਈ ਮੁਸ਼ਕਲ ਹੈ ਤਾਂ ਉਹ ਧਿਆਨ ਵਿਚ ਲਿਆ ਸਕਦਾ ਹੈ ਜਿਸ ਦੇ ਢੁਕਵੇਂ ਹੱਲ ਲਈ ਪ੍ਰਸ਼ਾਸਨ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਜੇਕਰ ਖਾਦ ਦੀ ਟੈਗਿੰਗ ਜਾਂ ਕਾਲਾ ਬਾਜ਼ਾਰੀ ਸਬੰਧੀ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਤੁਰੰਤ ਐਫ.ਸੀ.ਓ. 1985 ਦੇ ਅਨੁਸਾਰ ਕਾਰਵਾਈ ਕਰੇ | ਇਸ ਮੌਕੇ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਅਤੇ ਡੀ.ਐਮ. ਮਾਰਕਫੈੱਡ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਖਾਦਾਂ ਦੀ ਲਗਾਤਾਰ ਸਪਲਾਈ ਹੋ ਰਹੀ ਹੈ ਅਤੇ ਖਾਦ ਦੀ ਕੋਈ ਕਮੀ ਨਹੀਂ ਹੈ | ਮੀਟਿੰਗ ਵਿਚ ਡਾ. ਸੁਖਰਾਜ ਕੌਰ ਖੇਤੀਬਾੜੀ ਅਫ਼ਸਰ ਮੋਗਾ, ਡਾ. ਗੁਰਲਵਲੀਨ ਸਿੰਘ ਸਿੱਧੂ ਖੇਤੀਬਾੜੀ ਵਿਕਾਸ ਅਫ਼ਸਰ (ਇਨਫੋਰਸਮੈਂਟ), ਗੁਰਜੋਤ ਸਿੰਘ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ, ਸਚਿਨ ਗਰਗ ਡੀ.ਐਮ. ਮਾਰਕਫੈੱਡ, ਮੋਗਾ, ਏ.ਆਰ. ਸਹਿਕਾਰੀ ਸਭਾਵਾਂ ਤੋਂ ਇਲਾਵਾ ਸਮੂਹ ਹੋਲ ਸੇਲ ਖਾਦ ਵਿਕਰੇਤਾ ਅਤੇ ਖਾਦ ਕੰਪਨੀਆਂ ਦੇ ਨੁਮਾਇੰਦਿਆਂ ਨੇ ਭਾਗ ਲਿਆ |