ਮੋਗਾ, 13 ਮਈ (ਜਸਪਾਲ ਸਿੰਘ ਬੱਬੀ)-ਡਾ. ਕਰਨਜੀਤ ਸਿੰਘ ਗਿੱਲ ਸੰਯੁਕਤ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵਲੋਂ ਜ਼ਿਲ੍ਹਾ ਮੋਗਾ ਦੇ ਖੇਤੀਬਾੜੀ ਅਫ਼ਸਰ, ਖੇਤੀਬਾੜੀ ਵਿਕਾਸ ਅਫ਼ਸਰ ਅਤੇ ਖੇਤੀਬਾੜੀ ਵਿਸਥਾਰ ਅਫ਼ਸਰਾਂ ਦੀ ਮੀਟਿੰਗ ਦਫ਼ਤਰ ਮੁੱਖ ਖੇਤੀਬਾੜੀ ਅਫ਼ਸਰ ਮੋਗਾ ਵਿਖੇ ਕੀਤੀ | ਮੀਟਿੰਗ ਦਾ ਮੁੱਖ ਮੰਤਵ ਕਿਸਾਨਾਂ ਨੂੰ ਸਮੇਂ ਸਿਰ ਮਿਆਰੀ ਖੇਤੀ ਇਨਪੁੱਟਸ ਪ੍ਰਦਾਨ ਕਰਨਾ, ਕਿਸਾਨ ਹਿਤ ਵਿਚ ਖੇਤੀ ਅਧਿਕਾਰੀਆਂ ਦੀ ਭੂਮਿਕਾ ਅਤੇ ਸਾਉਣੀ ਦੀਆਂ ਫ਼ਸਲਾਂ ਸਬੰਧੀ ਕਿਸਾਨਾਂ ਨੂੰ ਹਰ ਤਰ੍ਹਾਂ ਦੀ ਜਾਣਕਾਰੀ ਦੇਣ ਲਈ ਯੋਜਨਾ ਤਿਆਰ ਕਰਨਾ ਸੀ | ਇਸ ਮੌਕੇ ਡਾ. ਅੰਮਿ੍ਤਪਾਲ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਮੋਗਾ ਨੇ ਜ਼ਿਲ੍ਹੇ ਦੀ ਪ੍ਰਗਤੀ ਨੂੰ ਬੜੇ ਵਿਸਥਾਰ ਸਹਿਤ ਵਰਣਨ ਕੀਤਾ ਅਤੇ ਵਿਭਾਗ ਦੇ ਅਧਿਕਾਰੀਆਂ ਵਲੋਂ ਕਿਸਾਨ ਹਿਤ ਵਿਚ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਤੇ ਡਾ. ਕਰਨਜੀਤ ਸਿੰਘ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਲਗਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪਾਂ ਨੂੰ ਗਿਆਨ ਭਰਪੂਰ ਬਣਾਉਣ ਲਈ ਯੋਗ ਉਪਰਾਲੇ ਕੀਤੇ ਜਾਣ | ਭੌ ਪਰਖ ਲਬਾਰਟਰੀ ਦੁੱਨੇਕੇ ਵਿਖੇ ਪਿਛਲੇ ਸਾਲ 14000 ਟੈੱਸਟ ਕੀਤੇ ਗਏ ਮਿੱਟੀ ਦੇ ਸੈਂਪਲਾਂ ਦੀ ਸਮੀਖਿਆ ਕਰਦਿਆਂ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਵੱਧ ਤੋ ਵੱਧ ਮਿੱਟੀ ਦੇ ਸੈਂਪਲ ਟੈੱਸਟ ਕਰਾਉਣੇ ਚਾਹੀਦੇ ਹਨ ਤਾਂ ਜੋ ਪਰਖ ਦੇ ਅਧਾਰ ਤੇ ਖਾਦਾਂ ਦੀ ਵਰਤੋਂ ਕਰਕੇ ਖਰਚੇ ਘਟਾਏ ਜਾ ਸਕਣ | ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਵੀ ਪ੍ਰੇਰਿਤ ਕਰਨ ਲਈ ਕਿਹਾ | ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਖੇਤੀ ਧੰਦੇ ਵਿਚੋਂ ਵੱਧ ਮੁਨਾਫ਼ਾ ਲੈਣ, ਆਧੁਨਿਕ ਤਕਨੀਕਾਂ ਨੂੰ ਅਪਣਾਉਣ, ਸਹਾਇਕ ਧੰਦਿਆਂ ਦੀ ਜਾਣਕਾਰੀ ਦੇਣ, ਕਿਸਾਨ ਕੈਂਪਾਂ ਵਿਚ ਸ਼ਾਮਲ ਹੋਣ ਲਈ ਅਪੀਲ, ਝੋਨੇ ਦੀ ਪਰਾਲੀ ਅਤੇ ਕਣਕ ਦੇ ਨਾੜ ਨੂੰ ਅੱਗ ਨਾ ਲਾਉਣ ਸਬੰਧੀ ਵੱਧ ਤਾੋ ਵੱਧ ਕਿਸਾਨਾਂ ਨੂੰ ਵਟਸ-ਐਪ ਗਰੁੱਪਾਂ ਵਿਚ ਸ਼ਾਮਿਲ ਕਰਨ ਲਈ ਹਦਾਇਤ ਕੀਤੀ | ਉਨ੍ਹਾਂ ਵਿਭਾਗ ਵਲੋਂ ਲਗਾਏ ਜਾ ਰਹੇ ਕਿਸਾਨ ਕੈਂਪਾਂ ਨੂੰ ਹੋਰ ਲਾਹੇਵੰਦ ਬਣਾਉਣ ਲਈ ਸੁਝਾਵਾਂ ਤੇ ਚਰਚਾ ਕੀਤੀ ਗਈ | ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਦੀ ਜਾਣਕਾਰੀ ਦੇਣ | ਉਨ੍ਹਾਂ ਨੇ ਕੁਆਲਿਟੀ ਕੰਟਰੋਲ ਇੰਸਪੈਕਟਰਾਂ ਨੂੰ ਖਾਦ, ਪੈਸਟੀ ਸਾਈਡ ਅਤੇ ਬੀਜਾਂ ਨੂੰ ਦੀ ਜ਼ਿਲੇ੍ਹ ਵਿਚ ਆਮਦ ਅਤੇ ਵਿੱਕਰੀ ਤੇ ਨਿਗਰਾਨੀ ਰੱਖਣ ਲਈ ਕਿਹਾ | ਇਸ ਮੌਕੇ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਸ਼ਾਮਲ ਸਨ |