ਬਾਘਾ ਪੁਰਾਣਾ, 13 ਮਈ (ਗੁਰਮੀਤ ਸਿੰਘ ਮਾਣੂੰਕੇ)-ਪਿੰਡ ਮਾਣੂੰਕੇ ਦੇ ਸਮੂਹ ਦੁਕਾਨਦਾਰਾਂ ਨੂੰ ਧਮਕਾਉਣ ਅਤੇ ਧੱਕੇ ਨਾਲ ਹਫ਼ਤਾ ਵਸੂਲਣ ਦੀ ਕੋਸ਼ਿਸ਼ ਕਰਨ ਵਾਲੇ ਗੁੰਡਾ ਅਨਸਰ ਨੌਜਵਾਨ ਨੂੰ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਪੁਲਿਸ ਵਲੋਂ ਗਿ੍ਫ਼ਤਾਰ ਕੀਤਾ ਗਿਆ | ਇਸ ਮੌਕੇ ਪਿੰਡ ਦੇ ਸਮੂਹ ਦੁਕਾਨਦਾਰਾਂ ਨੇ ਦੱਸਿਆ ਕਿ ਪਿੰਡ ਦੇ ਕੁਝ ਨਸ਼ਾ ਤਸਕਰ ਅਤੇ ਗੁੰਡਾ ਗਰਦੀ ਕਰਦੇ ਨੌਜਵਾਨ ਪਿੰਡ ਦੇ ਕੁਝ ਦੁਕਾਨਦਾਰਾਂ ਨੂੰ ਧਮਕਾਉਣ ਅਤੇ ਧੱਕੇ ਨਾਲ ਪੈਸੇ ਵਸੂਲਣ ਦੀ ਕੋਸ਼ਿਸ਼ ਕਰ ਰਹੇ ਸਨ ਜਿਸ ਦੇ ਚੱਲਦਿਆਂ ਸਮੂਹ ਦੁਕਾਨਦਾਰਾਂ ਨੇ ਰੋਸ ਵਜੋਂ ਸਾਰਾ ਬਾਜ਼ਾਰ (ਸਮੂਹ ਦੁਕਾਨਾਂ) ਨੂੰ ਬੰਦ ਕਰ ਦਿੱਤਾ ਅਤੇ ਉਕਤ ਮਾਮਲੇ ਸਬੰਧੀ ਰੋਸ ਪ੍ਰਗਟ ਕਰਦੇ ਹੋਏ ਥਾਣਾ ਨਿਹਾਲ ਸਿੰਘ ਵਾਲਾ ਪੁੱਜ ਗਏ | ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਐਸ.ਐਚ.ਓ. ਜਤਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਤੇ ਸਮੂਹ ਦੁਕਾਨਦਾਰਾਂ ਦੇ ਸਹਿਯੋਗ ਨਾਲ ਉਕਤ ਨੌਜਵਾਨ (ਦੁਕਾਨਦਾਰਾਂ ਧਮਕਾਉਣ) ਵਾਲੇ ਨੂੰ ਇਕ ਘੰਟੇ ਅੰਦਰ ਹੀ ਪੁਲਿਸ ਵਲੋਂ ਗਿ੍ਫ਼ਤਾਰ ਕਰਕੇ ਮਾਮਲਾ ਦਰਜ ਕਰਦਿਆਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ | ਇਸ ਮੌਕੇ ਪ੍ਰਧਾਨ ਮਨਦੀਪ ਸਿੰਘ ਮਾਣੂੰਕੇ ਅਤੇ ਸਰਪੰਚ ਨਿਰਮਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨਸ਼ਾ ਤਸਕਰਾਂ ਅਤੇ ਗੁੰਡਾ ਅਨਸਰਾਂ ਨੂੰ ਗਿ੍ਫ਼ਤਾਰ ਕਰਨ ਲਈ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ ਅਤੇ ਪਿੰਡ ਵਾਸੀ ਇਸ ਮਾਮਲੇ ਸਬੰਧੀ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਜ਼ਰੂਰ ਦੇਣ | ਇੱਥੇ ਜ਼ਿਕਰਯੋਗ ਹੈ ਕਿ ਪਿੰਡ ਮਾਣੂੰਕੇ ਦੇ ਲਗਭਗ ਸੌ (100) ਦੇ ਕਰੀਬ ਦੁਕਾਨਦਾਰਾਂ ਨੇ ਇਕਜੁੱਟ ਹੁੰਦੇ ਹੋਏ ਕਿਹਾ ਕਿ ਜੋ ਵੀ ਪਾਰਟੀ ਪਿੰਡ 'ਚੋਂ ਨਸ਼ਾ ਤਸਕਰਾਂ, ਗੁੰਡਾ ਗਰਦੀ ਤੋਂ ਨਿਜਾਤ ਦਿਵਾਉਂਦੇ ਹੋਏ ਪਿੰਡ ਦਾ ਮਾਹੌਲ ਸ਼ਾਂਤ ਬਣਾਉਣ 'ਚ ਪਹਿਲ ਕਦਮੀ ਕਰੇਗੀ | ਉਸ ਪਾਰਟੀ ਨੂੰ ਸਮੂਹ ਦੁਕਾਨਦਾਰਾਂ ਵਲੋਂ ਸੰਪੂਰਨ ਸਹਿਯੋਗ ਦਿੱਤਾ ਜਾਵੇਗਾ |