ਕਿਸ਼ਨਪੁਰਾ ਕਲਾਂ, 22 ਮਈ (ਪਰਮਿੰਦਰ ਸਿੰਘ ਗਿੱਲ, ਅਮੋਲਕ ਸਿੰਘ ਕਲਸੀ)-ਅੱਜ ਦੇ ਸਮੇਂ ਵਿਚ ਜਿੱਥੇ ਠੱਗੀਆਂ ਅਤੇ ਬੇਈਮਾਨੀ ਦੇ ਮਾਮਲੇ ਵੱਧ ਰਹੇ ਹਨ, ਉੱਥੇ ਕੋਆਪਰੇਟਿਵ ਬੈਂਕ ਤਲਵੰਡੀ ਮੱਲ੍ਹੀਆਂ ਦੀ ਕੈਸ਼ੀਅਰ ਪ੍ਰਭਜੋਤ ਕੌਰ ਨੇ ਆਪਣੀ ਇਮਾਨਦਾਰੀ ਨਾਲ ਇੱਕ ਵਧੀਆ ਮਿਸਾਲ ਪੇਸ਼ ਕੀਤੀ ਹੈ | ਉਨ੍ਹਾਂ ਦੀ ਸਚਾਈ ਦੀ ਇਲਾਕੇ ਵਿਚ ਖੂਬ ਪ੍ਰਸ਼ੰਸਾ ਹੋ ਰਹੀ ਹੈ | ਜਾਣਕਾਰੀ ਅਨੁਸਾਰ ਪਿੰਡ ਕੋਕਰੀ ਬੁੱਟਰਾਂ ਦੇ ਪੰਚਾਇਤ ਮੈਂਬਰ ਅਤੇ ਸਮਾਜ ਸੇਵੀ ਪ੍ਰਕਾਸ਼ ਸਿੰਘ ਬੁੱਟਰ ਸਹਿਕਾਰੀ ਬੈਂਕ ਵਿਚ ਪੈਸੇ ਜਮਾਂ ਕਰਵਾਉਣ ਲਈ ਗਏ ਸਨ | ਇਸ ਦੌਰਾਨ ਭੁਲੇਖੇ ਨਾਲ ਉਨ੍ਹਾਂ ਵਲੋਂ ਲੋੜ ਤੋਂ ਵੱਧ ਰਕਮ ਦੇ ਦਿੱਤੀ ਗਈ | ਕੈਸ਼ੀਅਰ ਪ੍ਰਭਜੋਤ ਕੌਰ ਨੇ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਵਾਧੂ ਰਕਮ ਤੁਰੰਤ ਵਾਪਸ ਕਰ ਦਿੱਤੀ | ਉਨ੍ਹਾਂ ਦੀ ਇਸ ਇਮਾਨਦਾਰੀ ਤੋਂ ਪ੍ਰਭਾਵਿਤ ਹੋ ਕੇ ਪਿੰਡ ਕੋਕਰੀ ਬੁੱਟਰਾਂ ਦੀ ਪੰਚਾਇਤ ਨੇ ਇਕ ਪ੍ਰਭਾਵਸ਼ਾਲੀ ਸਮਾਗਮ ਕਰਕੇ ਪ੍ਰਭਜੋਤ ਕੌਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ | ਇਸ ਮੌਕੇ ਪ੍ਰਭਜੋਤ ਕੌਰ ਦੀ ਸ਼ਲਾਘਾ ਕਰਦਿਆਂ ਹਾਜ਼ਰ ਸ਼ਖ਼ਸੀਅਤਾਂ ਨੇ ਕਿਹਾ ਕਿ ਇਮਾਨਦਾਰ ਲੋਕ ਸਮਾਜ ਲਈ ਪੇ੍ਰਰਨਾ ਸਰੋਤ ਹੁੰਦੇ ਹਨ | ਆਪਣੇ ਫ਼ਰਜ਼ਾਂ ਪ੍ਰਤੀ ਸੱਚਾ ਇਨਸਾਨ ਸਮਾਜ ਵਿਚ ਵੱਖਰੀ ਪਹਿਚਾਣ ਬਣਾਉਂਦਾ ਹੈ | ਇਸ ਮੌਕੇ ਤੇ ਉਨ੍ਹਾਂ ਦੇ ਨਾਲ ਬੈਂਕ ਮੈਨੇਜਰ ਅਰਜਨ ਸਿੰਘ, ਗਗਨਦੀਪ ਸਿੰਘ, ਜਸਪਾਲ ਕੌਰ ਅਤੇ ਦਰਸ਼ਨ ਸਿੰਘ ਆਸਟ੍ਰੇਲੀਆ ਨੂੰ ਵੀ ਸਨਮਾਨਿਤ ਕੀਤਾ ਗਿਆ | ਸਮਾਗਮ ਵਿੱਚ ਸਰਪੰਚ ਮਨਦੀਪ ਸਿੰਘ, ਸਾਬਕਾ ਸਰਪੰਚ ਕੈਪਟਨ ਅਜੈਬ ਸਿੰਘ, ਪਰਮਿੰਦਰ ਸਿੰਘ ਭੀਮਾ, ਦਰਸ਼ਨ ਸਿੰਘ ਤਲਵੰਡੀ ਮੱਲ੍ਹੀਆਂ ਸਮੇਤ ਕਈ ਪਿੰਡ ਵਾਸੀ ਹਾਜ਼ਰ ਸਨ |