ਕੋਟ ਈਸੇ ਖਾਂ, 22 ਮਈ (ਗੁਰਮੀਤ ਸਿੰਘ ਖ਼ਾਲਸਾ)-ਸਥਾਨਕ ਜ਼ੀਰਾ ਰੋਡ 'ਤੇ ਸਥਿਤ ਕੋਆਪਰੇਟਿਵ ਬੈਂਕ ਵਿਚ ਪੈਸੇ ਦੇ ਭੁਗਤਾਨ ਨਾ ਹੋਣ ਨੂੰ ਲੈ ਕੇ ਖਾਤਾ ਧਾਰਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਮੌਕੇ ਉੱਥੇ ਮੌਕੇ ਮੌਜੂਦ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਮੋਗਾ ਪ੍ਰਧਾਨ ਹਰਬੰਸ ਸਿੰਘ ਬਹਿਰਾਮ ਕੇ, ਬਲਾਕ ਪ੍ਰਧਾਨ ਕਾਰਜ ਸਿੰਘ ਮਸੀਤਾਂ, ਨੰਬਰਦਾਰ ਯੂਨੀਅਨ ਦੇ ਤਹਿਸੀਲ ਪ੍ਰਧਾਨ ਹਰਭਿੰਦਰ ਸਿੰਘ ਤੇ ਹੋਰ ਹਾਜ਼ਰ ਲੋਕਾਂ ਨੇ ਦੱਸਿਆ ਕਿ ਉਹ ਪਿਛਲੇ ਦੋ ਤਿੰਨ ਦਿਨਾਂ ਤੋਂ ਆਪਣੇ ਹੀ ਪੈਸੇ ਦੇ ਭੁਗਤਾਨ ਲਈ ਬੈਂਕ ਦੇ ਵਿਚ ਖੱਜਲ ਖੁਆਰ ਹੋ ਰਹੇ ਹਨ ਤੇ ਬੈਂਕ ਅਧਿਕਾਰੀਆਂ ਨੂੰ ਪੁੱਛਿਆ ਜਾਂਦਾ ਹੈ ਤਾਂ ਉਨ੍ਹਾਂ ਕੋਲ ਸਿਰਫ਼ ਇਹੀ ਜਵਾਬ ਹੈ ਕਿ ਪਿੱਛੋਂ ਭੁਗਤਾਨ ਵਾਸਤੇ ਅਜੇ ਬੈਂਕ ਵਿਚ ਨਗਦੀ ਨਹੀਂ ਪਹੁੰਚ ਰਹੀ | ਉਨ੍ਹਾਂ ਕਿਹਾ ਕਿ ਇਸ ਬੈਂਕ ਵਿਚ ਵੱਡੀ ਗਿਣਤੀ 'ਚ ਕਿਸਾਨ ਜੁੜੇ ਹੋਏ ਹਨ ਤੇ ਉਨ੍ਹਾਂ ਦੀ ਘਰੇਲੂ ਤੇ ਖੇਤੀਬਾੜੀ ਲੋੜਾਂ ਨੂੰ ਲੈ ਕੇ ਉਨ੍ਹਾਂ ਦੇ ਆਪਣੇ ਹੀ ਪੈਸੇ ਜੋ ਇਸ ਬੈਂਕ ਵਿਚ ਪਏ ਹਨ, ਉਹ ਨਹੀਂ ਮਿਲ ਰਹੇ, ਜਿਸ ਕਾਰਨ ਉਨ੍ਹਾਂ ਨੂੰ ਵੱਡੀ ਮੁਸ਼ਕਿਲ ਆ ਰਹੀ ਹੈ ਤੇ ਅੱਗੇ ਬਾਜ਼ਾਰ ਵਿਚ ਜਿੰਨਾਂ ਨਾਲ ਸਾਡਾ ਲੈਣ ਦੇਣ ਹੈ, ਉਹ ਲੋਕ ਵੀ ਖੱਜਲ ਖੁਆਰ ਹੋ ਰਹੇ ਹਨ | ਉਨ੍ਹਾਂ ਮੰਗ ਕੀਤੀ ਕਿ ਖਾਤਾ ਧਾਰਕਾਂ ਦੇ ਪੈਸੇ ਜੋ ਇਸ ਬੈਂਕ ਰਾਹੀਂ ਮਿਲਣੇ ਹੁੰਦੇ ਹਨ, ਉਸ ਦਾ ਤੁਰੰਤ ਹੱਲ ਕੀਤਾ ਜਾਵੇ | ਇਸ ਮੁਸ਼ਕਲ ਸਬੰਧੀ ਬੈਂਕ ਮੈਨੇਜਰ ਗਗਨਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿੱਛੋਂ ਹੀ ਕੈਸ਼ ਬੈਂਕ ਵਿਚ ਨਹੀਂ ਪਹੁੰਚ ਰਿਹਾ ਤੇ ਇਹ ਮੁਸ਼ਕਿਲ ਪਿਛਲੇ ਕਰੀਬ ਤਿੰਨ ਦਿਨਾਂ ਤੋਂ ਲਗਾਤਾਰ ਜ਼ਰੂਰ ਆਈ ਹੈ, ਪਰ ਜੋ ਆਨਲਾਈਨ ਭੁਗਤਾਨ ਹੈ ਉਹ ਹੋ ਰਿਹਾ ਹੈ | ਨਗਦ ਅਦਾਇਗੀ ਨੂੰ ਲੈ ਕੇ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਇਹ ਸਮੱਸਿਆ ਕਦੋਂ ਤੱਕ ਹੱਲ ਹੋ ਜਾਵੇਗੀ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਉਹ ਸਪਸ਼ਟ ਰੂਪ ਵਿਚ ਅਜੇ ਨਹੀਂ ਦੱਸ ਸਕਦੇ, ਦੂਜੇ ਪਾਸੇ ਆਪਣੇ ਹੀ ਜਮਾਂ ਪੈਸਿਆਂ ਦੀ ਨਗਦ ਅਦਾਇਗੀ ਨਾ ਹੋਣ ਕਰਕੇ ਖਾਤਾ ਧਾਰਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ |