ਮੋਗਾ, 25 ਮਈ (ਸੁਰਿੰਦਰਪਾਲ ਸਿੰਘ)-ਸਾਂਝੇ ਧੜੇ ਦੇ ਸੱਦੇ 'ਤੇ ਅੱਜ ਮੋਗਾ ਵਿਖੇ ਰੋਹ ਭਰਪੂਰ ਰੈਲੀ ਕੀਤੀ ਗਈ ਤੇ ਮੈਨੇਜਮੈਂਟ ਦੀਆਂ ਗਿੱਦੜ-ਭਬਕੀਆਂ ਦਾ ਮੂੰਹ ਤੋੜ ਜਵਾਬ ਦਿੱਤਾ ਗਿਆ | ਬੁਲਾਰਿਆਂ ਨੇ ਦੱਸਿਆ ਪਾਵਰ ਮੈਨੇਜਮੈਂਟ ਬਿਜਲੀ ਕਾਮਿਆਂ ਅਤੇ ਪੈਨਸ਼ਨਰਾਂ ਦੀਆਂ ਵਾਜਬ ਮੰਗਾਂ ਨੂੰ ਲਗਾਤਾਰ ਅਣਗੌਲਿਆ ਕਰਨ ਦੀ ਘਟੀਆ ਨੀਤੀ 'ਤੇ ਚੱਲ ਕੇ ਮਸਲਿਆਂ ਨੂੰ ਵੱਟੇ ਖਾਤੇ ਪਾ ਕੇ ਪਾੜੋ ਅਤੇ ਰਾਜ ਕਰੋ ਦੀ ਨੀਤੀ ਤਹਿਤ ਮੁਲਾਜ਼ਮ ਹਿਤਾਂ ਲਈ ਲੜੇ ਜਾ ਰਹੇ ਸੰਘਰਸ਼ਾਂ ਨੂੰ ਤਾਰਪੀਡੋ ਕਰਨ ਦੀ ਤਾਕ ਵਿਚ ਰਹਿੰਦੀ ਹੈ ਕਿਉਂਕਿ ਸਾਂਝੇ ਧੜੇ ਦੀ ਲੀਡਰਸ਼ਿਪ ਨਾਲ ਪਿਛਲੇ ਸਮੇਂ ਵਿਚ ਲਗਾਤਾਰ ਮੁੜ ਮੁੜ ਮੀਟਿੰਗਾਂ ਕਰ ਕੇ ਮਿੰਟਸ ਤਾਂ ਜਾਰੀ ਕਰ ਦਿੱਤੇ ਜਾਂਦੇ ਰਹੇ ਹਨ ਪਰ ਮੰਗਾਂ 'ਤੇ ਸਹਿਮਤੀਆਂ ਕਰਨ ਦੇ ਬਾਵਜੂਦ ਮੰਨੀਆਂ ਹੋਈਆਂ ਮੰਗਾਂ ਲਾਗੂ ਨਹੀਂ ਕੀਤੀਆਂ ਜਾ ਰਹੀਆਂ | 30 ਅਪ੍ਰੈਲ ਨੂੰ ਪਾਵਰ ਮੈਨੇਜਮੈਂਟ ਨਾਲ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਸਮੇਂ ਬਹੁਤ ਹੀ ਸਦਭਾਵਨਾ ਦੇ ਮਾਹੌਲ ਵਿਚ ਲਗ-ਪਗ ਤਿੰਨ ਘੰਟੇ ਮੁਲਾਜ਼ਮ ਅਤੇ ਪੈਨਸ਼ਨਰ ਮਸਲਿਆਂ 'ਤੇ ਵਿਚਾਰ-ਵਟਾਂਦਰਾ ਕਰ ਕੇ 5 ਮਈ ਨੂੰ ਮਿੰਟਸ ਜਾਰੀ ਕਰਨ ਅਤੇ 15 ਮਈ ਨੂੰ ਹੋਈਆਂ ਸਹਿਮਤੀਆਂ ਲਾਗੂ ਕਰਨ ਦਾ ਭਰੋਸਾ ਦਿੱਤਾ ਸੀ ਪਰ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਮੰਨੀਆਂ ਮੰਗਾਂ ਲਾਗੂ ਤਾਂ ਕੀ ਕਰਨੀਆਂ ਸਨ ਮਿੰਟਸ ਜਾਰੀ ਕਰਨ ਤੋਂ ਹੀ ਟਾਲ-ਮਟੋਲ ਕਰਦਿਆਂ ਹੋਈ ਗੱਲਬਾਤ ਦੇ ਉਲਟ 20 ਮਈ ਨੂੰ ਮਨਮਰਜ਼ੀ ਵਾਲੇ ਮਿੰਟਸ ਜਾਰੀ ਕੀਤੇ ਗਏ ਹਨ ਜੋ ਮੈਨੇਜਮੈਂਟ ਦੀ ਬਹੁਤ ਹੀ ਨਿੰਦਣਯੋਗ ਕਾਰਵਾਈ ਹੈ | ਮੈਨੇਜਮੈਂਟ ਨੇ ਬਹੁਤ ਹੀ ਮਹੱਤਵਪੂਰਨ ਮਸਲਿਆਂ ਨੂੰ ਲਾਗੂ ਕਰਨ ਦੀ ਬਜਾਏ ਫਿਰ ਵੱਟੇ ਖਾਤੇ ਪਾ ਦਿੱਤਾ ਹੈ | ਮੈਨੇਜਮੈਂਟ ਦੀ ਨੀਤੀ 'ਤੇ ਚੱਲਦੇ ਹੋਏ ਕੁਝ ਅਧਿਕਾਰੀ ਬਿਜਲੀ ਕਾਮਿਆਂ ਨੂੰ ਤੰਗ ਪਰੇਸ਼ਾਨ ਕਰ ਰਹੇ ਹਨ ਜਿਸ ਦਾ ਗੰਭੀਰ ਨੋਟਿਸ ਲੈਂਦਿਆਂ ਸਾਂਝੇ ਧੜੇ ਦੀ ਲੀਡਰਸ਼ਿਪ ਨੇ ਅੱਜ ਅੱਜ ਦੇਰ ਸ਼ਾਮ ਆਨਲਾਈਨ ਵਰਚੂਅਲ ਮੀਟਿੰਗ ਕਰ ਕੇ ਸਾਰੇ ਹਾਲਾਤਾਂ 'ਤੇ ਵਿਚਾਰ ਚਰਚਾ ਕਰਨ ਤੋਂ ਬਾਅਦ ਫ਼ੈਸਲਾ ਕੀਤਾ ਕਿ ਪਾਵਰ ਮੈਨੇਜਮੈਂਟ ਦੀ ਇਸ ਧੱਕੇਸ਼ਾਹੀ ਦੇ ਖ਼ਿਲਾਫ਼ ਅੱਜ ਪਾਵਰ ਕਾਮ ਦੀਆਂ ਸਮੁੱਚੀਆਂ ਸਬ ਡਵੀਜ਼ਨਾਂ ਵਿਚ ਰੋਸ ਰੈਲੀਆਂ ਕਰ ਕੇ ਜਿੱਥੇ ਸੰਘਰਸ਼ ਦੀ ਲਾਮਬੰਦੀ ਕੀਤੀ ਜਾਵੇਗੀ ਉੱਥੇ ਪਾਵਰ ਮੈਨੇਜਮੈਂਟ ਖ਼ਿਲਾਫ਼ ਆਪਣੇ ਰੋਹ ਦਾ ਪ੍ਰਗਟਾਵਾ ਵੀ ਕੀਤਾ ਜਾਵੇਗਾ | ਫ਼ੀਲਡ ਵਿਚ ਕਰਮਚਾਰੀਆਂ ਨੂੰ ਮੋਬਾਈਲ ਫ਼ੋਨ ਜਬਰੀ ਦੇਣ ਦੇ ਮਾਮਲੇ 'ਤੇ ਅਧਿਕਾਰੀਆਂ ਵਲੋਂ ਬਹੁਤ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਦੀ ਸਮੁੱਚੀ ਲੀਡਰਸ਼ਿਪ ਨੇ ਜ਼ੋਰਦਾਰ ਨਿੰਦਾ ਕੀਤੀ ਹੈ | ਅੱਜ ਦੀ ਵਰਚੂਅਲ ਮੀਟਿੰਗ ਵਿਚ ਸਮੁੱਚੀ ਲੀਡਰਸ਼ਿਪ ਨੇ ਮੈਨੇਜਮੈਂਟ ਦੇ ਇਸ ਤਰ੍ਹਾਂ ਦੇ ਮੁਲਾਜ਼ਮ ਵਿਰੋਧੀ ਇਰਾਦਿਆਂ ਦਾ ਗੰਭੀਰ ਨੋਟਿਸ ਲੈਂਦਿਆਂ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਫ਼ੈਸਲਾ ਕੀਤਾ ਹੈ | ਮੁਲਾਜ਼ਮ ਅਤੇ ਪੈਨਸ਼ਨਰਜ਼ ਜਥੇਬੰਦੀਆਂ ਦਾ ਇਹ ਸਾਂਝਾ ਧੜਾ ਮਹਿਸੂਸ ਕਰਦਾ ਹੈ ਕਿ ਪਾਵਰ ਮੈਨੇਜਮੈਂਟ ਨੇ ਹਰ ਵਾਰ ਲੀਡਰਸ਼ਿਪ ਨਾਲ ਮੀਟਿੰਗਾਂ ਕਰ ਕੇ ਵਾਅਦਾ ਖ਼ਿਲਾਫ਼ੀ ਕਰਨ ਦਾ ਜਿਹੜਾ ਰਸਤਾ ਅਖ਼ਤਿਆਰ ਕਰ ਰੱਖਿਆ ਹੈ ਉਸ ਦੇ ਖ਼ਿਲਾਫ਼ 7 ਜੂਨ ਨੂੰ ਸੰਗਰੂਰ ਮੁੱਖ ਮੰਤਰੀ ਦੇ ਸ਼ਹਿਰ ਵਿਚ ਵੱਡਾ ਇਕੱਠ ਕਰ ਕੇ ਮੁਲਾਜ਼ਮ ਅਤੇ ਪੈਨਸ਼ਨਰ ਮਸਲਿਆਂ ਨੂੰ ਉਭਾਰਿਆ ਜਾਵੇਗਾ | ਉਸ ਤੋਂ ਬਾਅਦ ਵੀ ਜੇਕਰ ਮੈਨੇਜਮੈਂਟ ਨੇ ਕੀਤੀਆਂ ਸਹਿਮਤੀਆਂ ਲਾਗੂ ਨਾ ਕੀਤੀਆਂ ਤਾਂ 16 ਅਤੇ 17 ਜੂਨ ਦੀ ਦੋ ਰੋਜ਼ਾ ਮੁਕੰਮਲ ਹੜਤਾਲ ਕਰ ਕੇ ਬਿਜਲੀ ਕਾਮਾ ਆਪਣੇ ਰੋਹ ਦਾ ਪ੍ਰਗਟਾਵਾ ਕਰੇਗਾ | ਰੋਸ ਰੈਲੀ ਵਿਚ ਟੀ.ਐਸ.ਯੂ. ਪ੍ਰਧਾਨ ਅਮਨਪ੍ਰੀਤ ਸਿੰਘ ਆਹਲੂਵਾਲੀਆ, ਸੈਕਟਰੀ ਬਲਵਿੰਦਰ ਸਿੰਘ ਉੱਭੀ, ਜਸਵਿੰਦਰ ਸਿੰਘ, ਪ੍ਰਦੀਪ ਕੁਮਾਰ ਪ੍ਰਧਾਨ ਨਾਰਥ, ਰਜਿੰਦਰ ਸਿੰਘ ਸਾਊਥ, ਗੋਪਾਲ ਸਿੰਘ ਫੈਡਰੇਸ਼ਨ ਏਟਕ, ਬੂਟਾ ਸਿੰਘ ਫੈਡਰੇਸ਼ਨ ਅਤੇ ਸਾਂਝੇ ਸੰਘਰਸ਼ ਕਮੇਟੀ ਦੇ ਕਨਵੀਨਰ ਮਨਜੋਤ ਸਿੰਘ ਬਰਾੜ ਮੌਜੂਦ ਸਨ |