ਮੋਗਾ, 25 ਮਈ (ਜਸਪਾਲ ਸਿੰਘ ਬੱਬੀ)-ਕਿਸਾਨ ਯੂਨੀਅਨ ਲੱਖੋਵਾਲ ਮੋਗਾ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਜ਼ਿਲ੍ਹਾ ਮੀਤ ਪ੍ਰਧਾਨ ਜਗਸੀਰ ਸਿੰਘ ਜੱਗੀ, ਜ਼ਿਲ੍ਹਾ ਮੀਡੀਆ ਸਕੱਤਰ ਬਲਕਰਨ ਸਿੰਘ ਢਿੱਲੋਂ, ਸੁਖਚੈਨ ਸਿੰਘ ਬਰਾੜ ਕੰਨੀਆਂ ਨੇ ਕਿਹਾ ਕਿ ਪੰਜਾਬ ਵਿਚ ਯੂਰੀਆ ਖਾਦ ਨਾਲ ਖਾਦ ਕੰਪਨੀਆਂ ਅਤੇ ਡੀਲਰਾਂ ਵਲੋਂ ਕਿਸਾਨਾਂ ਨੂੰ ਯੂਰੀਆ ਦੇ ਗੱਟੇ ਨਾਲ ਨੈਨੋ ਯੂਰੀਆ, ਸਲਫ਼ਰ, ਜ਼ਿੰਕ, ਮਾਈਕੋ ਰਾਜਾ, ਅਤੇ ਹੋਰ ਫ਼ਾਲਤੂ ਉਤਪਾਦ ਦਿੱਤੇ ਜਾ ਰਹੇ ਹਨ ਜਿਸ ਕਰਕੇ ਕਿਸਾਨ ਵਿਚ ਰੋਸ ਪਾਇਆ ਜਾ ਰਿਹਾ ਹੈ | ਇਹ ਸੂਬੇ ਦੇ ਕਿਸਾਨਾਂ ਨਾਲ ਸਰਾਸਰ ਬੇਇਨਸਾਫ਼ੀ ਤੇ ਧੱਕਾ ਹੈ | ਉਨ੍ਹਾਂ ਦੱਸਿਆ ਕਿ 266 ਰੁਪਏ ਵਾਲੇ ਯੂਰੀਆ ਦੇ ਗੱਟੇ ਨਾਲ 500 ਤੋਂ 1200 ਰੁਪਏ ਦੀਆਂ ਵਸਤੂਆਂ ਦਿੱਤੀਆਂ ਜਾ ਰਹੀਆਂ ਹਨ | ਕਿਸਾਨ ਨੂੰ ਸਿਰਫ਼ ਯੂਰੀਆ ਚਾਹੀਦਾ ਹੈ ਨੈਨੋ ਯੂਰੀਆ ਦੀ ਕਿਸਾਨ ਨੂੰ ਲੋੜ ਹੀ ਨਹੀਂ | ਨ੍ਹਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਾਰੇ ਕਿਸਾਨ ਹਰ ਇਕ ਚੀਜ਼ ਦਾ ਯੂਰੀਆ ਰੇਹਾਂ ਸਪਰੇਹਾਂ ਅਤੇ ਜੋ ਵੀ ਵਾਧੂ ਵਸਤੂਆਂ ਨਾਲ ਦਿੱਤੀਆਂ ਜਾਂਦੀਆਂ ਹਨ ਉਸ ਦਾ ਪੱਕਾ ਬਿੱਲ ਜ਼ਰੂਰ ਲੈਣ ਪੱਕੇ ਬਿੱਲ ਤੋਂ ਬਗੈਰ ਕੋਈ ਵੀ ਵਸਤੂ ਨਾ ਖਰੀਦੀ ਜਾਵੇ | ਉਨ੍ਹਾਂ ਕਿਹਾ ਜੋ ਮਾਨਯੋਗ ਸੁਪਰੀਮ ਕੋਰਟ ਨੇ ਆਵਾਰਾ ਕੁੱਤਿਆਂ ਲਈ ਫ਼ੈਸਲਾ ਕੀਤਾ ਹੈ, ਉਹ ਬਹੁਤ ਸ਼ਲਾਘਾਯੋਗ ਹੈ ਉਨ੍ਹਾਂ ਕਿਹਾ ਹੈ ਕਿ ਅਸੀਂ ਕੁੱਤਿਆਂ ਦੇ ਦੁਸ਼ਮਣ ਨਹੀਂ, ਪਰ ਜਦੋਂ 10-15 ਕੁੱਤਿਆਂ ਦਾ ਝੁੰਡ ਖੇਤ ਵਿਚ ਵੜ ਕੇ 2 ਕਿੱਲੇ ਕਣਕ ਤਬਾਹ ਕਰ ਦੇਵੇ ਜਾਂ ਗਰੀਬ ਦੀ ਇਕੋ-ਇਕ ਬੱਕਰੀ ਪਾੜ ਦੇਵੇ ਅਤੇ ਸ਼ਹਿਰਾਂ ਪਿੰਡਾਂ ਵਿਚ ਨਿੱਕੇ-ਨਿੱਕੇ ਮਾਸੂਮ ਬੱਚਿਆਂ ਬਜ਼ੁਰਗਾਂ ਨੂੰ ਬੁਰੀ ਤਰ੍ਹਾਂ ਨੋਚ ਕੇ ਮਾਰ ਦਿੰਦੇ ਹਨ | ਕੁੱਤਾ ਵੱਢਣ ਨਾਲ ਕਿਸਾਨ ਜਾਂ ਪਸ਼ੂ ਦੇ ਨੁਕਸਾਨ ਦਾ ਮੁਆਵਜ਼ਾ 50 ਹਜ਼ਾਰ ਤੈਅ ਕੀਤਾ ਜਾਵੇ | ਹਰ ਬਲਾਕ ਵਿਚ ਇਕ ਮੋਬਾਈਲ ਵੈਟਨਰੀ ਵੈਨ ਸਿਰਫ਼ ਕੁੱਤਿਆਂ ਦੀ ਨਸਬੰਦੀ ਲਈ ਲਾਈ ਜਾਵੇ |