ਮੋਗਾ, 25 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝੇ ਫ਼ਰੰਟ ਦੇ ਸੱਦੇ 'ਤੇ ਮੋਗਾ ਦੇ ਬਾਜ਼ਾਰ ਵਿਚ ਦੋਪਹੀਆ ਵਾਹਨਾਂ ਨਾਲ ਰੋਸ ਮਾਰਚ ਕੀਤਾ ਗਿਆ | ਇਸ ਮੌਕੇ ਮੁਲਾਜ਼ਮ ਅਤੇ ਪੈਨਸ਼ਨਰ ਬਹੁਤ ਹੀ ਗ਼ੁੱਸੇ ਵਿਚ ਸਨ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਨਾਲ ਇਕ ਵੀ ਮੀਟਿੰਗ ਕਰ ਕੇ ਉਨ੍ਹਾਂ ਦੇ ਮਸਲਿਆਂ ਦਾ ਹੱਲ ਨਹੀਂ ਕੀਤਾ | ਇਹ ਮਾਰਚ ਮੋਗਾ ਦੇ ਮੇਨ ਚੌਕ ਤੋਂ ਸ਼ੁਰੂ ਹੋਇਆ ਜਿੱਥੇ ਕਿ ਲੋਕ 5 ਵਜੇ ਹੀ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ | 6 ਵਜੇ ਮਾਰਚ ਸ਼ੁਰੂ ਹੋਇਆ, ਮੇਨ ਬਾਜ਼ਾਰ ਵਿਚੋਂ ਦੀ ਹੁੰਦਾ ਹੋਇਆ ਦੇਵ ਹੋਟਲ ਤੱਕ, ਉੱਥੋਂ ਆਰੀਆ ਸਕੂਲ ਕੋਲ ਦੀ ਹੋ ਕੇ ਡੀ.ਐਮ. ਕਾਲਜ ਕੋਲ ਦੀ ਹੋ ਕੇ ਪ੍ਰਤਾਪ ਰੋਡ ਤੋਂ ਸਬਜ਼ੀ ਮੰਡੀ ਵਿਚ ਦੀ, ਰੇਲਵੇ ਰੋਡ ਤੋਂ ਪੁਲ ਦੇ ਹੇਠਾਂ ਦੀ ਹੋ ਕੇ ਨੇਚਰ ਪਾਰਕ ਕੋਲ ਖ਼ਤਮ ਹੋਇਆ | ਰਸਤੇ ਵਿਚ ਲੋਕ ਖੜ੍ਹ ਖੜ੍ਹ ਕੇ ਮੁਲਾਜ਼ਮਾਂ ਦੀਆਂ ਗੱਲਾਂ ਸੁਣ ਰਹੇ ਸੀ | ਅੱਕੇ ਮੁਲਾਜ਼ਮ ਅਤੇ ਪੈਨਸ਼ਨਾਂ ਨੇ ਸਰਕਾਰ ਦਾ ਦੱਬ ਕੇ ਪਿੱਟ ਸਿਆਪਾ ਕੀਤਾ | ਮੇਨ ਚੌਕ ਵਿਚ, ਟੈਂਪੂਆਂ ਵਾਲੇ ਅੱਡੇ ਕੋਲ, ਪ੍ਰਤਾਪ ਰੋਡ ਚੌਕ, ਸਿਵਲ ਹਸਪਤਾਲ ਅਤੇ ਨੇਚਰ ਪਾਰਕ ਕੋਲ ਮਾਰਚ ਰੋਕ ਕੇ ਬੁਲਾਰਿਆਂ ਨੇ ਸੰਬੋਧਨ ਕੀਤਾ | ਇਸ ਮੌਕੇ ਜਗਦੀਸ਼ ਸਿੰਘ ਚਾਹਲ, ਸੁਰਿੰਦਰ ਰਾਮ ਕੁੱਸਾ, ਸਰਬਜੀਤ ਸਿੰਘ ਦੌਧਰ, ਗੁਰਜੰਟ ਸਿੰਘ ਕੋਕਰੀ, ਕੁਲਵੰਤ ਸਿੰਘ ਬਿਜਲੀ ਬੋਰਡ, ਕੁਲਬੀਰ ਸਿੰਘ ਢਿੱਲੋਂ, ਬਲੌਰ ਸਿੰਘ ਘਾਲੀ, ਰਾਜ ਕੁਮਾਰ ਕਾਲੜਾ, ਸੁਖਮੰਦਰ ਸਿੰਘ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਡਿਕਟੇਟਰਾਂ ਵਾਂਗ ਵਿਹਾਰ ਕੀਤਾ ਹੈ | ਕਿਸੇ ਵੀ ਵਰਗ ਦੀ ਗੱਲ ਨਹੀਂ ਸੁਣੀ ਸਗੋਂ ਹਰ ਇਕ ਨੂੰ ਅਣਗੌਲਿਆ ਕੀਤਾ ਹੈ | ਉਨ੍ਹਾਂ ਬੇਨਤੀ ਕੀਤੀ ਕਿ ਦੇਸ਼ ਅਤੇ ਲੋਕਤੰਤਰ ਨੂੰ ਬਚਾਉਣ ਲਈ ਅਜਿਹੀਆਂ ਸਰਕਾਰਾਂ ਨੂੰ ਚੱਲਦਾ ਕਰਨਾ ਚਾਹੀਦਾ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਭੁਪਿੰਦਰ ਸਿੰਘ ਸੇਖੋਂ, ਗੁਰਮੇਲ ਸਿੰਘ ਨਾਹਰ, ਗਿਆਨ ਸਿੰਘ ਸਾਬਕਾ ਡੀ.ਪੀ.ਆਰ.ਓ., ਪ੍ਰੇਮ ਕੁਮਾਰ, ਬੂਟਾ ਸਿੰਘ ਭੱਟੀ ਆਦਿ ਵੀ ਹਾਜ਼ਰ ਸਨ | ਅੰਤ ਵਿਚ ਆਪਣਾ ਗ਼ੁੱਸਾ ਪ੍ਰਗਟ ਕਰਦੇ ਹੋਏ ਝਾੜੂ ਨੰੂ ਤੀਲ੍ਹਾ ਤੀਲ੍ਹਾ ਕਰ ਦਿੱਤਾ ਗਿਆ |