ਮੋਗਾ, 25 ਮਈ (ਸੁਰਿੰਦਰਪਾਲ ਸਿੰਘ)-ਪੈਨਸ਼ਨਰਜ਼ ਐਸੋਸੀਏਸ਼ਨ ਪਾਵਰ ਕਾਮ ਐਂਡ ਟਰਾਂਸਕੋ ਸਰਕਲ ਵਰਕਿੰਗ ਕਮੇਟੀ ਦੀ ਮੀਟਿੰਗ ਬਲੌਰ ਸਿੰਘ ਪ੍ਰਧਾਨ ਦੀ ਪ੍ਰਧਾਨਗੀ ਹੇਠ ਰੈਸਟ ਹਾਊਸ ਮੋਗਾ ਵਿਖੇ ਹੋਈ ਜਿਸ ਵਿਚ ਸਰਕਲ ਦੀ ਚੁਣੀ ਕਮੇਟੀ ਤੋਂ ਇਲਾਵਾ ਸਿਟੀ ਮੰਡਲ ਮੋਗਾ, ਸਬ ਅਰਬਨ ਮੋਗਾ, ਬਾਘਾ ਪੁਰਾਣਾ, ਕੋਟਕਪੂਰਾ ਤੇ ਫ਼ਰੀਦਕੋਟ ਮੰਡਲ ਦੇ ਪ੍ਰਧਾਨ ਤੇ ਸਕੱਤਰਾਂ ਵਲੋਂ ਸ਼ਮੂਲੀਅਤ ਕੀਤੀ ਗਈ | ਮੀਟਿੰਗ ਦੀ ਕਾਰਵਾਈ ਸੁਰਿੰਦਰਪਾਲ ਸਿੰਘ ਸਕੱਤਰ ਨੇ ਸ਼ੁਰੂ ਕਰਦੇ ਹੋਏ ਦੱਸਿਆ ਕਿ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝੇ ਫ਼ਰੰਟ ਵਲੋਂ ਪੰਜਾਬ ਪੱਧਰੀ ਕਨਵੈਨਸ਼ਨ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਚ ਕੀਤੀ ਗਈ ਸੀ ਜਿਸ ਦੀ ਰਿਪੋਰਟ ਪੇਸ਼ ਕਰਦੇ ਹੋਏ ਬਲੌਰ ਸਿੰਘ ਪ੍ਰਧਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਅੜੀਅਲ ਰਵੱਈਏ ਨੂੰ ਦੇਖਦੇ ਹੋਏ ਆਪਣੀਆਂ ਮੰਗਾਂ ਮਨਵਾਉਣ ਲਈ ਸਾਂਝੇ ਫ਼ਰੰਟ ਵਲੋਂ ਸੰਘਰਸ਼ ਪ੍ਰੋਗਰਾਮ ਦਿੱਤਾ ਗਿਆ ਹੈ | ਜੂਨ ਮਹੀਨੇ ਵਿਚ ਜ਼ਿਲ੍ਹਾ ਪੱਧਰੀ ਕਨਵੈਨਸ਼ਨਾਂ ਕੀਤੀਆਂ ਜਾਣਗੀਆਂ | ਜੁਲਾਈ ਤੇ ਅਗਸਤ ਮਹੀਨੇ ਦੌਰਾਨ ਸੱਤਾਧਾਰੀ ਪਾਰਟੀ ਦੇ ਵਿਧਾਇਕਾਂ ਦੇ ਘਰਾਂ ਮੂਹਰੇ ਘੜਾ ਭੰਨ ਮੁਜ਼ਾਹਰੇ ਕੀਤੇ ਜਾਣਗੇ | ਸਤੰਬਰ ਮਹੀਨੇ ਦੌਰਾਨ ਜ਼ੋਨ ਪੱਧਰੀ ਰੈਲੀਆਂ ਕੀਤੀਆਂ ਜਾਣਗੀਆਂ ਤੇ ਅਕਤੂਬਰ ਵਿਚ ਪੰਜਾਬ ਪੱਧਰੀ ਧਰਨਾ ਸੰਗਰੂਰ ਵਿਖੇ ਦਿੱਤਾ ਜਾਵੇਗਾ | ਬੰਤ ਸਿੰਘ ਸੀਨੀਅਰ ਮੀਤ ਪ੍ਰਧਾਨ ਨੇ ਦੱਸਿਆ ਕਿ ਇਨ੍ਹਾਂ ਸਾਰੇ ਪ੍ਰੋਗਰਾਮ ਵਿਚ ਸਮੁੱਚੇ ਸਰਕਲ ਦੇ ਪੈਨਸ਼ਨਰਜ਼ ਸਾਥੀਆਂ ਵਲੋਂ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ | ਮੀਟਿੰਗ ਵਿਚ ਜੰਗੀਰ ਸਿੰਘ ਸਰਪ੍ਰਸਤ, ਅਮਰਜੀਤ ਸਿੰਘ ਮੀਤ ਪ੍ਰਧਾਨ, ਬਲਵਿੰਦਰ ਰਾਮ, ਹਰਬੰਸ ਸਿੰਘ, ਕੁੰਡਾ ਸਿੰਘ ਸਰਕਲ ਆਗੂ, ਜਗਰੂਪ ਸਿੰਘ ਪ੍ਰਧਾਨ, ਮਿੱਠੂ ਸਿੰਘ ਪ੍ਰਧਾਨ, ਦਰਸ਼ਨ ਬਾਵਾ ਪ੍ਰਧਾਨ, ਪੂਰਨ ਸਿੰਘ ਸਕੱਤਰ, ਬਲਵਿੰਦਰ ਸਿੰਘ ਵਿੱਤ ਸਕੱਤਰ ਫ਼ਰੀਦਕੋਟ, ਭੋਲਾ ਰਾਮ ਸਕੱਤਰ ਨੇ ਸ਼ਮੂਲੀਅਤ ਕੀਤੀ |