ਮੋਗਾ, 25 ਮਈ (ਸੁਰਿੰਦਰਪਾਲ ਸਿੰਘ)-ਅੱਜ 26 ਮਈ ਨੂੰ ਹੋਣ ਜਾ ਰਹੀ ਨਗਰ ਨਿਗਮ ਮੋਗਾ ਦੀ ਚੋਣ ਲਈ ਆਪ ਪਾਰਟੀ ਵਲੋਂ ਪੜ੍ਹੇ ਲਿਖੇ ਸੂਝਵਾਨ, ਇਮਾਨਦਾਰ ਤੇ ਮਿਹਨਤੀ ਉਮੀਦਵਾਰ ਰਮਨਦੀਪ ਕੌਰ ਖੋਸਾ ਧਰਮ-ਪਤਨੀ ਪਰਮਿੰਦਰ ਸਿੰਘ (ਪੰਮਾ ਖੋਸਾ) ਨੂੰ ਵਾਰਡ ਨੰਬਰ 6 ਤੋਂ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ ਤੇ ਉਨ੍ਹਾਂ ਨੂੰ ਵਾਰਡ ਵਾਸੀਆਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਜੋ ਕਿ ਸਾਬਤ ਕਰਦਾ ਹੈ ਕਿ ਉਹ ਆਪਣੇ ਵਿਰੋਧੀਆਂ ਨੂੰ ਹਰਾ ਕੇ ਸ਼ਾਨ ਨਾਲ ਜਿੱਤ ਪ੍ਰਾਪਤ ਕਰਨਗੇ | ਉਨ੍ਹਾਂ ਦੀ ਚੋਣ ਮੁਹਿੰਮ ਨੂੰ ਜਗਦੀਪ ਸਿੰਘ ਬਰਾੜ ਜੈਮਲ ਵਾਲਾ ਇੰਚਾਰਜ ਮਾਲਵਾ ਜ਼ੋਨ ਬੜੇ ਸੁਚੱਜੇ ਢੰਗ ਨਾਲ ਚਲਾ ਰਹੇ ਹਨ | ਬੀਤੇ ਦਿਨ ਉਨ੍ਹਾਂ ਦੇ ਹੱਕ ਵਿਚ ਕੀਤੀ ਗਈ ਨੁੱਕੜ ਮੀਟਿੰਗ ਨੇ ਰੈਲੀ ਦਾ ਰੂਪ ਧਾਰਨ ਕਰ ਲਿਆ ਜਿਸ ਨੂੰ ਸੰਬੋਧਨ ਕਰਦਿਆਂ ਜਗਦੀਪ ਸਿੰਘ ਜੈਮਲ ਵਾਲਾ ਨੇ ਕਿਹਾ ਕਿ ਆਪ ਪਾਰਟੀ ਦੀ ਸਰਕਾਰ ਨੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਹੀ ਜੋ ਗਰੰਟੀਆਂ ਲੋਕਾਂ ਨਾਲ ਕੀਤੀਆਂ ਸਨ ਉਨ੍ਹਾਂ ਨੂੰ ਪੂਰਾ ਕੀਤਾ ਹੈ ਤੇ ਹੁਣ ਇਸ ਵਰ੍ਹੇ ਨੂੰ ਵਿਕਾਸ ਵਰ੍ਹੇ ਵਜੋਂ ਸਰਕਾਰ ਮਨਾ ਰਹੀ ਹੈ | ਉਨ੍ਹਾਂ ਕਿਹਾ ਕਿ ਵਾਰਡ ਨੰਬਰ 6 ਦੀ ਤਰੱਕੀ ਤੇ ਵਿਕਾਸ ਲਈ ਰਮਨਦੀਪ ਕੌਰ ਖੋਸਾ ਨੂੰ ਜਿਤਾਉਣਾ ਸਮੇਂ ਦੀ ਮੁੱਖ ਲੋੜ ਹੈ ਤਾਂ ਜੋ ਵਾਰਡ ਦਾ ਸਰਬਪੱਖੀ ਵਿਕਾਸ ਕਰਵਾਇਆ ਜਾ ਸਕੇ | ਇਸ ਮੌਕੇ ਵਾਰਡ ਨੰਬਰ 6 ਦੇ ਉਮੀਦਵਾਰ ਰਮਨਦੀਪ ਕੌਰ ਖੋਸਾ ਧਰਮ-ਪਤਨੀ ਪਰਮਿੰਦਰ ਸਿੰਘ (ਪੰਮਾ ਖੋਸਾ) ਨੇ ਕਿਹਾ ਕਿ ਉਹ ਆਪ ਪਾਰਟੀ ਹਾਈਕਮਾਂਡ ਦੇ ਧੰਨਵਾਦੀ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਵਾਰਡ ਨੰਬਰ 6 ਤੋਂ ਟਿਕਟ ਦੇ ਕੇ ਨਿਵਾਜਿਆ ਹੈ | ਉਨ੍ਹਾਂ ਕਿਹਾ ਕਿ ਵਾਰਡ ਵਾਸੀਆਂ ਵਲੋਂ ਮਿਲ ਰਿਹਾ ਪਿਆਰ ਤੇ ਸਤਿਕਾਰ ਲਈ ਉਹ ਹਮੇਸ਼ਾ ਰਿਣੀ ਰਹਿਣਗੇ ਤੇ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਕਿ ਵਾਰਡ ਨੰਬਰ 6 ਨੂੰ ਨਮੂਨੇ ਦਾ ਵਾਰਡ ਬਣਾਵਾਂਗਾ ਤੇ ਵਾਰਡ ਵਾਸੀਆਂ ਦੀਆਂ ਆਸਾਂ 'ਤੇ ਖਰਾ ਉੱਤਰਾਂਗੇ |