ਮੋਗਾ, 1 ਜੂਨ (ਗੁਰਤੇਜ ਸਿੰਘ ਬੱਬੀ)-ਸਿਵਲ ਸਰਜਨ ਮੋਗਾ ਡਾ. ਅਸ਼ੋਕ ਸਿੰਗਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿਹਤ ਅਫ਼ਸਰ ਮੋਗਾ ਡਾ. ਸੰਦੀਪ ਕੁਮਾਰ ਮੋਗਾ ਦੀ ਅਗਵਾਈ ਹੇਠ ਫੂਡ ਸੇਫ਼ਟੀ ਟੀਮ ਵਲੋਂ ਅੱਜ ਬਾਗ਼ਬਾਨੀ ਵਿਭਾਗ ਦੇ ਅਧਿਕਾਰੀਆਂ ਨਾਲ ਸਾਂਝੇ ਤੌਰ 'ਤੇ ਮੋਗਾ ਦੀ ਸਬਜ਼ੀ ਮੰਡੀ ਅਤੇ ਫਲ ਮੰਡੀ ਵਿਚ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ | ਇਸ ਮੁਹਿੰਮ ਦਾ ਮੁੱਖ ਉਦੇਸ਼ ਆਮ ਲੋਕਾਂ ਨੂੰ ਸੁਰੱਖਿਅਤ, ਸ਼ੁੱਧ ਅਤੇ ਮਿਆਰੀ ਖ਼ੁਰਾਕ ਦੀ ਉਪਲਬਧਤਾ ਯਕੀਨੀ ਬਣਾਉਣਾ ਅਤੇ ਖ਼ੁਰਾਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨਾ ਹੈ | ਚੈਕਿੰਗ ਦੌਰਾਨ ਫੂਡ ਸੇਫ਼ਟੀ ਅਫ਼ਸਰ ਡਾ. ਯੋਗੇਸ਼ ਗੋਇਲ ਅਤੇ ਫੂਡ ਸੇਫ਼ਟੀ ਅਫ਼ਸਰ ਲਵਦੀਪ ਸਿੰਘ ਨੇ ਫਲ ਮੰਡੀ ਵਿਚ ਸਥਿਤ ਪਪੀਤਾ, ਅੰਬ ਅਤੇ ਕੇਲੇ ਦੇ ਭੰਡਾਰ ਸੈਂਟਰਾਂ ਦਾ ਨਾਲ ਨਿਰੀਖਣ ਕੀਤਾ | ਟੀਮ ਵਲੋਂ ਇਹ ਯਕੀਨੀ ਬਣਾਇਆ ਗਿਆ ਕਿ ਫਲਾਂ ਨੂੰ ਪਕਾਉਣ ਲਈ ਸਿਰਫ਼ ਮਨਜ਼ੂਰ ਸ਼ੁਦਾ ਅਤੇ ਸੁਰੱਖਿਅਤ ਤਰੀਕਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਹਾਨੀਕਾਰਕ ਜਾਂ ਗੈਰ-ਕਾਨੂੰਨੀ ਰਸਾਇਣਾਂ ਦੀ ਵਰਤੋਂ ਤਾਂ ਨਹੀਂ ਕੀਤੀ ਜਾ ਰਹੀ | ਇਸ ਦੇ ਨਾਲ ਹੀ ਰਿਪਨਿੰਗ ਸੈਂਟਰਾਂ ਵਿਚ ਸਫ਼ਾਈ ਪ੍ਰਬੰਧਾਂ, ਸਟੋਰੇਜ ਪ੍ਰਣਾਲੀ ਅਤੇ ਖ਼ੁਰਾਕ ਸੁਰੱਖਿਆ ਮਾਪਦੰਡਾਂ ਦੀ ਵੀ ਜਾਂਚ ਕੀਤੀ ਗਈ | ਇਸ ਤੋਂ ਇਲਾਵਾ ਟੀਮ ਵਲੋਂ ਮੋਗਾ ਸ਼ਹਿਰ ਅਤੇ ਧਰਮਕੋਟ ਦੇ ਵੱਖ-ਵੱਖ ਖਾਦ ਕਾਰੋਬਾਰੀਆਂ ਤੋਂ ਮਸਾਲਿਆਂ ਅਤੇ ਕੰਡੀਮੈਂਟਸ ਦੇ ਕੁੱਲ 10 ਸੈਂਪਲ ਇਕੱਤਰ ਕੀਤੇ ਗਏ | ਇਨ੍ਹਾਂ ਵਿਚ ਲਾਲ ਮਿਰਚ ਪਾਊਡਰ, ਹਲਦੀ ਪਾਊਡਰ, ਗਰਮ ਮਸਾਲਾ ਅਤੇ ਕਾਲੀ ਮਿਰਚ ਦੇ ਸੈਂਪਲ ਸ਼ਾਮਲ ਹਨ | ਸਾਰੇ ਸੈਂਪਲ ਮਾਈਕ੍ਰੋਬਾਇਓਲੋਜੀਕਲ ਜਾਂਚ ਲਈ ਸਰਕਾਰੀ ਪ੍ਰਯੋਗਸ਼ਾਲਾ ਭੇਜੇ ਗਏ ਹਨ, ਜਿੱਥੇ ਉਨ੍ਹਾਂ ਦੀ ਗੁਣਵੱਤਾ, ਸ਼ੁੱਧਤਾ ਅਤੇ ਖ਼ੁਰਾਕ ਸੁਰੱਖਿਆ ਮਾਪਦੰਡਾਂ ਅਨੁਸਾਰ ਜਾਂਚ ਕੀਤੀ ਜਾਵੇਗੀ | ਡਾ. ਸੰਦੀਪ ਕੁਮਾਰ ਜ਼ਿਲ੍ਹਾ ਸਿਹਤ ਅਫ਼ਸਰ ਮੋਗਾ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲੇ੍ਹ ਵਿਚ ਖ਼ੁਰਾਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਮੁਹਿੰਮਾਂ ਲਗਾਤਾਰ ਚਲਾਈਆਂ ਜਾ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਲੋਕਾਂ ਦੀ ਸਿਹਤ ਦੀ ਸੁਰੱਖਿਆ ਵਿਭਾਗ ਦੀ ਸਭ ਤੋਂ ਵੱਡੀ ਤਰਜੀਹ ਹੈ ਅਤੇ ਮਿਲਾਵਟ ਖੋਰੀ ਜਾਂ ਗੈਰ-ਮਿਆਰੀ ਚੀਜ਼ਾਂ ਵੇਚਣ ਵਾਲਿਆਂ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਵਰਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਪ੍ਰਯੋਗਸ਼ਾਲਾ ਤੋਂ ਰਿਪੋਰਟਾਂ ਪ੍ਰਾਪਤ ਹੋਣ ਉਪਰੰਤ ਜੇਕਰ ਕੋਈ ਵੀ ਸੈਂਪਲ ਖ਼ੁਰਾਕ ਸੁਰੱਖਿਆ ਅਤੇ ਮਿਆਰ ਐਕਟ 2006 ਦੀਆਂ ਧਾਰਾਵਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਸੰਬੰਧਿਤ ਕਾਰੋਬਾਰੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਫੂਡ ਸੇਫ਼ਟੀ ਵਿਭਾਗ ਨੇ ਖਾਦ ਕਾਰੋਬਾਰੀਆਂ ਨੂੰ ਅਪੀਲ ਕੀਤੀ ਕਿ ਉਹ ਖ਼ੁਰਾਕ ਸੁਰੱਖਿਆ ਦੇ ਸਾਰੇ ਨਿਯਮਾਂ ਦੀ ਪਾਲਣਾ ਕਰਨ, ਸਫ਼ਾਈ ਬਣਾਈ ਰੱਖਣ ਅਤੇ ਉਪਭੋਗਤਾਵਾਂ ਨੂੰ ਸਿਰਫ਼ ਮਿਆਰੀ ਅਤੇ ਗੁਣਵੱਤਾ ਵਾਲੀਆਂ ਖਾਣ-ਪੀਣ ਦੀਆਂ ਵਸਤੂਆਂ ਹੀ ਉਪਲਬਧ ਕਰਵਾਉਣ |