ਮੋਗਾ, 1 ਜੂਨ (ਸੁਰਿੰਦਰਪਾਲ ਸਿੰਘ)-ਲੋਕ ਸਹਿਤ ਅਕਾਦਮੀ ਰਜਿ. ਮੋਗਾ ਵਲੋਂ ਸੁਤੰਤਰਤਾ ਸੈਨਾਨੀ ਭਵਨ ਵਿਖੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ | ਸਮਾਗਮ ਦੀ ਪ੍ਰਧਾਨਗੀ ਉੱਘੇ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਨੇ ਕੀਤੀ | ਉਨ੍ਹਾਂ ਦੇ ਨਾਲ ਪ੍ਰਧਾਨਗੀ ਮੰਡਲ ਵਿਚ ਕੇ.ਐਲ. ਗਰਗ, ਡਾ. ਸੁਰਜੀਤ ਬਰਾੜ ਘੋਲੀਆ, ਗੁਰਚਰਨ ਸਿੰਘ ਸੰਘਾ ਅਤੇ ਡਾ. ਐਮ.ਆਰ. ਗੋਇਲ ਸ਼ਾਮਿਲ ਸਨ | ਮੰਚ ਦੀ ਕਾਰਵਾਈ ਪ੍ਰਭਾਵਸ਼ਾਲੀ ਢੰਗ ਨਾਲ ਨੌਜਵਾਨ ਸ਼ਾਇਰ ਚਰਨਜੀਤ ਸਮਾਲਸਰ ਨੇ ਨਿਭਾਈ | ਉੱਘੇ ਆਲੋਚਕ ਡਾ. ਸੁਰਜੀਤ ਬਰਾੜ ਘੋਲੀਆ ਨੇ ਕਿਤਾਬ ਬਾਰੇ ਜਾਣ ਪਛਾਣ ਕਰਾਉਂਦੇ ਹੋਏ ਕਿਹਾ ਕਿ ਇਸ ਕਿਤਾਬ ਦੀਆਂ ਸਾਰੀਆਂ ਕਹਾਣੀਆਂ ਆਦਰਸ਼ਵਾਦੀ ਪਹੁੰਚ ਰੱਖਦੀਆਂ ਹਨ | ਸਮਕਾਲੀ ਮਨੁੱਖ ਲੁਟੇਰਾ ਬਿਰਤੀ ਦਾ ਧਾਰਨੀ ਹੋ ਚੁੱਕਿਆ ਹੈ ਤਾਂ ਕਰ ਕੇ ਸਮਾਜ ਵਿਚ ਦਿਨੋਂ-ਦਿਨ ਤਰੇੜਾਂ ਪੈ ਰਹੀਆਂ ਹਨ | ਉੱਘੇ ਸਾਹਿਤਕਾਰ ਕੇ.ਐਲ. ਗਰਗ ਨੇ ਕਿਹਾ ਕਿ ਕਹਾਣੀਕਾਰ ਨੇ 40 ਸਾਲ ਪਹਿਲਾਂ ਲਿਖੀਆਂ ਕਹਾਣੀਆਂ ਨੂੰ ਸਾਡੇ ਸਾਹਮਣੇ ਰੱਖ ਕੇ ਸਾਬਤ ਕਰ ਦਿੱਤਾ ਹੈ ਕਿ ਇਹ ਜਿਸ ਦੌਰ ਵਿਚ ਵੀ ਲਿਖੀਆਂ ਗਈਆਂ ਉਸ ਦੌਰ ਨੂੰ ਅੱਜ ਦੇ ਸਮੇਂ ਵੀ ਜਸਟੀਫਾਈ ਕਰਦੀਆਂ ਹਨ | ਡਾ. ਐਮ.ਆਰ. ਗੋਇਲ ਨੇ ਆਪਣੀ ਸਿਰਜਣ ਪ੍ਰਕਿਰਿਆ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਕਹਾਣੀਆਂ ਮੇਰੇ ਜੀਵਨ ਦੇ ਆਲੇ-ਦੁਆਲੇ ਵਿਚਰਦੀਆਂ ਰਹੀਆਂ ਹਨ | ਇਨ੍ਹਾਂ ਨੂੰ ਕਿਤਾਬੀ ਰੂਪ ਦੇ ਕੇ ਆਪਣੇ ਆਪ ਨੂੰ ਸੁਰਖ਼ਰੂ ਹੋਇਆ ਮਹਿਸੂਸ ਕਰਦਾ ਹਾਂ | ਉਸ ਨੇ ਲੋਕ ਸਾਹਿਤ ਅਕਾਦਮੀ ਮੋਗਾ ਦਾ ਕਿਤਾਬ ਲੋਕ ਅਰਪਣ ਕਰਨ 'ਤੇ ਧੰਨਵਾਦ ਕੀਤਾ | ਬਲਦੇਵ ਸਿੰਘ ਸੜਕਨਾਮਾ ਨੇ ਡਾ. ਐਮ.ਆਰ. ਗੋਇਲ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਕਿਤਾਬ ਦੀਆਂ ਸਮੁੱਚੀਆਂ ਕਹਾਣੀਆਂ ਔਰਤ ਨੂੰ ਵੱਖ-ਵੱਖ ਕਿਰਦਾਰਾਂ ਵਿਚ ਸਾਹਮਣੇ ਰੱਖ ਕੇ ਰਚੀਆਂ ਗਈਆਂ ਹਨ | ਗੁਰਚਰਨ ਸਿੰਘ ਸੰਘਾ, ਡਾ. ਹਰਨੇਕ ਸਿੰਘ ਰੋਡੇ ਅਤੇ ਡਾ.ਰਾਮ ਪ੍ਰਕਾਸ਼ ਗੋਇਲ ਨੇ ਡਾ. ਗੋਇਲ ਦੀ ਨਵੀਂ ਕਿਤਾਬ ਨੂੰ ਜੀ ਆਇਆਂ ਨੂੰ ਆਖਿਆ | ਕਵੀ ਦਰਬਾਰ ਵਿਚ ਨਰਿੰਦਰ ਰੋਹੀ, ਰਣਜੀਤ ਸਰਾਂਵਾਲੀ, ਕੁਲਵਿੰਦਰ ਦਿਲਗੀਰ, ਗੁਰਮੇਲ ਸਿੰਘ ਬੌਡੇ, ਪਰਮਜੀਤ ਸਿੰਘ ਕੜਿਆਲ, ਦਿਲਬਾਗ ਸਿੰਘ ਬੁੱਕਣ ਵਾਲਾ, ਜੰਗੀਰ ਸਿੰਘ ਖੋਖਰ, ਹਰਭਜਨ ਨਾਗਰਾ, ਬਲਦੇਵ ਸਿੰਘ ਢਿੱਲੋਂ, ਰਜਿੰਦਰ ਨਾਗੀ ਢੁੱਡੀ ਵਾਲਾ, ਗੁਰਚਰਨ ਸਿੰਘ ਸੰਘਾ ਅਤੇ ਪਿਆਰਾ ਸਿੰਘ ਚਾਹਲ ਸ਼ਾਮਿਲ ਹੋਏ | ਸਮਾਗਮ ਦੇ ਅਰੰਭ ਵਿਚ ਸੋਨੀ ਮੋਗਾ ਨੇ ਤਰੰਨਮ ਵਿਚ ਗੀਤ ਪੇਸ਼ ਕੀਤਾ | ਇਸ ਸਮੇਂ ਗਿਆਨ ਸਿੰਘ ਸਾਬਕਾ ਡੀ.ਪੀ.ਆਰ.ਓ. ਮੋਗਾ, ਰਾਜਿੰਦਰ ਕੁਮਾਰ ਗੁਪਤਾ, ਅਮਰਜੀਤ ਸਿੰਘ, ਹਰਦਿਆਲ ਸਿੰਘ ਧੂੜਕੋਟ, ਗੁਰਬਖ਼ਸ਼ ਸਿੰਘ ਕੋਟੀਆਂ, ਡਾ. ਰਮੇਸ਼ ਆਦਿ ਸਾਹਿਤਕਾਰ ਹਾਜ਼ਰ ਹੋਏ |