ਮੋਗਾ, 1 ਜੂਨ (ਸੁਰਿੰਦਰਪਾਲ ਸਿੰਘ)-ਐਨ.ਆਰ.ਆਈ. ਕੁਲਵੰਤ ਸਿੰਘ ਧਾਲੀਵਾਲ ਵਰਲਡ ਕੈਂਸਰ ਕੇਅਰ ਦੇ ਬਰਾਂਡ ਅੰਬੈਸਡਰ ਵਲੋਂ ਕੈਂਸਰ ਸਕਰੀਨਿੰਗ ਕੈਂਪ ਲਗਾ ਕੇ ਪੰਜਾਬ ਦੇ ਲੋਕਾਂ ਵਿਚ ਕੈਂਸਰ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਕੀਤੀ ਗਈ ਪਹਿਲਕਦਮੀ ਇਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ | ਇਹ ਪ੍ਰਗਟਾਵਾ ਮੰਦਰ ਲਾਲ ਦੁਆਰਾ ਕਮੇਟੀ ਦੇ ਚੇਅਰਮੈਨ ਅਤੇ ਸ਼ਵੇਤਾ ਸਟਾਕ ਐਕਸਚੇਂਜ ਦੇ ਮੈਨੇਜਿੰਗ ਡਾਇਰੈਕਟਰ ਰਜਿੰਦਰ ਵਧਵਾ ਨੇ ਆਪਣੇ ਦਫ਼ਤਰ ਦੀ ਇਕ ਵਿਸ਼ੇਸ਼ ਫੇਰੀ ਦੌਰਾਨ ਕੁਲਵੰਤ ਸਿੰਘ ਧਾਲੀਵਾਲ ਨੂੰ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕਰਨ ਮੌਕੇ ਪ੍ਰਗਟ ਕੀਤਾ | ਇਸ ਸਮਾਗਮ ਵਿਚ ਸਮਾਜ ਸੇਵੀ ਭੁਪਿੰਦਰ ਸਿੰਘ ਬਬਲੂ, ਕੁਲਦੀਪ ਵਧਵਾ ਅਤੇ ਹੋਰ ਸਟਾਫ਼ ਮੈਂਬਰ ਮੌਜੂਦ ਸਨ | ਇਸ ਮੌਕੇ ਬੋਲਦਿਆਂ ਸਮਾਜ ਸੇਵੀ ਰਜਿੰਦਰ ਵਧਵਾ ਨੇ ਕਿਹਾ ਕਿ ਐਨ.ਆਰ.ਆਈ. ਕੁਲਵੰਤ ਸਿੰਘ ਧਾਲੀਵਾਲ ਵਲੋਂ ਪੰਜਾਬ ਵਿਚ ਸਮੇਂ-ਸਮੇਂ 'ਤੇ ਕੈਂਸਰ ਜਾਗਰੂਕਤਾ ਪੈਦਾ ਕਰਨ ਅਤੇ ਬਿਮਾਰੀ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਲਗਾਏ ਗਏ ਕੈਂਪਾਂ ਵਿਚ ਅਤਿ-ਆਧੁਨਿਕ ਉਪਕਰਨਾਂ ਦੀ ਵਰਤੋਂ ਕਰ ਕੇ ਜਾਂਚ ਦੀ ਸਹੂਲਤ ਦੇਣ ਦੇ ਯਤਨਾਂ ਦੀ ਪੰਜਾਬ ਭਰ ਵਿਚ ਵਿਆਪਕ ਤੌਰ 'ਤੇ ਸ਼ਲਾਘਾ ਕੀਤੀ ਜਾ ਰਹੀ ਹੈ | ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਧਾਲੀਵਾਲ ਵਿਸ਼ਵ ਪੱਧਰ 'ਤੇ ਜਾਗਰੂਕਤਾ ਮੁਹਿੰਮਾਂ ਸਰਗਰਮੀ ਨਾਲ ਚਲਾ ਰਹੇ ਹਨ | ਇਕ ਅਜਿਹਾ ਯਤਨ ਜਿਸ ਤੋਂ ਹੋਰ ਸਮਾਜ ਸੇਵੀ ਸੰਸਥਾਵਾਂ ਅਤੇ ਕਲੱਬਾਂ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ | ਵਰਲਡ ਕੈਂਸਰ ਕੇਅਰ ਬਰਾਂਡ ਅੰਬੈਸਡਰ ਕੁਲਵੰਤ ਸਿੰਘ ਧਾਲੀਵਾਲ ਨੇ ਸਮਾਜ ਸੇਵੀ ਰਜਿੰਦਰ ਵਧਵਾ ਦਾ ਉਨ੍ਹਾਂ ਨੂੰ ਦਿੱਤੇ ਗਏ ਸਨਮਾਨ ਲਈ ਧੰਨਵਾਦ ਕੀਤਾ |