ਮੋਗਾ, 1 ਜੂਨ (ਗੁਰਤੇਜ ਸਿੰਘ ਬੱਬੀ)-ਹੁਣੇ ਹੁਣੇ ਹੋਈਆਂ ਨਗਰ ਨਿਗਮ ਦੀਆਂ ਚੋਣਾਂ ਵਿਚ ਸ਼ਹਿਰ ਦੇ ਪੰਜਾਹ ਵਾਰਡਾਂ ਵਿਚੋਂ ਹੀ ਕੌਂਸਲਰ ਚੁਣੇ ਗਏ ਅਤੇ ਇਨ੍ਹਾਂ ਚੁਣੇ ਹੋਏ ਕੌਂਸਲਰਾਂ ਦਾ ਸਿਵਲ ਸੁਸਾਇਟੀ ਮੋਗਾ ਸਵਾਗਤ ਕਰਦੀ ਹੈ ਅਤੇ ਇਨ੍ਹਾਂ ਹੋਈਆਂ ਚੋਣਾਂ ਵਿਚ ਆਪ ਪਾਰਟੀ ਦੇ ਤੀਹ ਉਮੀਦਵਾਰ ਚੋਣ ਜਿੱਤੇ ਹਨ ਜੋ ਕਿ ਇਕ ਸਪਸ਼ਟ ਬਹੁਮਤ ਵਿਚ ਹਨ ਤੇ ਉਨ੍ਹਾਂ ਵਲੋਂ ਹੀ ਨਵੇਂ ਮੇਅਰ ਦੀ ਚੋਣ ਕੀਤੀ ਜਾਵੇਗੀ ਪਰ ਮੇਅਰ ਤਜਰਬੇਕਾਰ, ਪੜਿ੍ਹਆ ਲਿਖਿਆ ਤੇ ਅਜਿਹੇ ਕਾਬਲ ਇਨਸਾਨ ਨੂੰ ਬਣਾਇਆ ਜਾਵੇ ਜਿਹੜਾ ਸ਼ਹਿਰ ਵਾਸੀਆਂ ਨੂੰ ਇਕ ਨਵੀਂ ਦਿਸ਼ਾ ਦੇ ਸਕੇ | ਇਹ ਪ੍ਰਗਟਾਵਾ ਸਿਵਲ ਸੁਸਾਇਟੀ ਮੋਗਾ ਦੇ ਸਲਾਹਕਾਰ ਅਤੇ ਸਮਾਜਵਾਦੀ ਅਜੇ ਸੂਦ ਗੋਰਾ ਨੇ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿਚ ਨਗਰ ਨਿਗਮ ਅੰਦਰ ਭਿ੍ਸ਼ਟਾਚਾਰ ਦਾ ਬੋਲਬਾਲਾ ਰਿਹਾ ਹੈ ਅਤੇ ਇਸ ਭਿ੍ਸ਼ਟਾਚਾਰ ਨੂੰ ਖ਼ਤਮ ਕਰਵਾਉਣ ਲਈ ਵਿਰੋਧੀ ਧਿਰ ਕਾਂਗਰਸ, ਅਕਾਲੀ ਦਲ, ਭਾਜਪਾ ਦੇ ਕੌਂਸਲਰ ਇਕ ਮਜ਼ਬੂਤ ਭੂਮਿਕਾ ਨਿਭਾਉਣ ਤਾਂ ਕਿ ਸ਼ਹਿਰ ਵਾਸੀਆਂ ਦੇ ਪੈਸੇ ਦਾ ਖਿਲਵਾੜ ਹੋਣਾ ਬੰਦ ਹੋਵੇ | ਉਨ੍ਹਾਂ ਕਿਹਾ ਕਿ ਉਹ ਇਸ ਕੁਰੱਪਸ਼ਨ ਖ਼ਿਲਾਫ਼ ਸਮੇਂ-ਸਮੇਂ ਤੇ ਆਵਾਜ਼ ਵੀ ਉਠਾਉਂਦੇ ਰਹੇ ਤੇ ਪਿਛਲੇ ਦਿਨੀਂ ਉਨ੍ਹਾਂ ਨੇ ਸੈਂਪਲਿੰਗ ਵੀ ਕਰਵਾਈ ਸੀ ਅਤੇ ਇਹ ਮੁਹਿੰਮ ਭਵਿੱਖ ਵਿਚ ਵੀ ਜਾਰੀ ਰਹੇਗੀ ਅਤੇ ਜੋ ਸੈਂਪਲਾਂ ਦੀ ਰਿਪੋਰਟ ਆਈ ਹੈ, ਉਸ ਸਬੰਧੀ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਚੀਫ਼ ਸੈਕਟਰੀ, ਸਥਾਨਕ ਸਰਕਾਰਾਂ ਤੇ ਪੰਜਾਬ ਦੇ ਗਵਰਨਰ ਨੂੰ ਵੀ ਭੇਜਣਗੇ ਤਾਂ ਕਿ ਇਸ ਦੀ ਪੁਖ਼ਤਾ ਰੂਪ ਵਿਚ ਜਾਂਚ ਹੋਵੇ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਲੜਾਈ ਕੌਂਸਲਰਾਂ ਨਾਲ ਨਹੀਂ ਸਗੋਂ ਉਨ੍ਹਾਂ ਲੋਕਾਂ ਨਾਲ ਹੈ, ਜੋ ਭਿ੍ਸ਼ਟਾਚਾਰ ਦੀ ਜੜ੍ਹ ਹਨ ਅਤੇ ਨਗਰ ਨਿਗਮ ਅੰਦਰ ਭਿ੍ਸ਼ਟਾਚਾਰ ਨੂੰ ਸ਼ਹਿਰ ਵਾਸੀ ਬਰਦਾਸ਼ਤ ਨਹੀਂ ਕਰਨਗੇ |