ਮੋਗਾ, 6 ਜੂਨ (ਸੁਰਿੰਦਰਪਾਲ ਸਿੰਘ)-ਪਟਿਆਲਾ ਵਿਖੇ ਆਪਣੇ ਹੱਕਾਂ ਲਈ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰ ਸਹਾਇਕ ਲਾਈਨਮੈਨਾਂ ਉੱਤੇ ਪਟਿਆਲਾ ਪੁਲਿਸ ਵਲੋਂ ਕੀਤੇ ਗਏ ਲਾਠੀਚਾਰਜ ਦੀ ਜਮਹੂਰੀ ਅਧਿਕਾਰ ਸਭਾ ਪੰਜਾਬ ਨੇ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ | ਇਹ ਜਾਣਕਾਰੀ ਦਿੰਦਿਆਂ ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਦੌਧਰ ਨੇ ਕਿਹਾ ਕਿ ਮੁਲਾਜ਼ਮਾਂ ਦਾ ਹੱਕੀ ਮੰਗਾਂ ਬਾਰੇ ਧਰਨੇ, ਮੁਜ਼ਾਹਰਾ ਤੇ ਰੈਲੀਆਂ ਕਰਨਾ ਸੰਵਿਧਾਨਕ ਹੱਕ ਹੈ | ਉਨ੍ਹਾਂ ਦੇ ਨਾਲ ਜ਼ਿਲ੍ਹਾ ਸਕੱਤਰ ਦਰਸ਼ਨ ਸਿੰਘ ਤੂਰ ਅਤੇ ਸੂਬਾ ਕਮੇਟੀ ਮੈਂਬਰ ਭਿੰਦਰਪਾਲ ਵੀ ਸ਼ਾਮਿਲ ਸਨ | ਦੌਧਰ ਨੇ ਕਿਹਾ ਅਜਿਹਾ ਕਰ ਕੇ ਮਾਨ ਸਰਕਾਰ ਨੇ ਆਪਣਾ ਅਸਲੀ ਜਾਬਰ ਰੂਪ ਵਿਖਾ ਰਹੀ ਹੈ ਅਤੇ ਇੰਜ ਪ੍ਰਤੀਤ ਹੁੰਦਾ ਹੈ ਕਿ ਇਹ ਜਾਬਰ ਪੁਲਿਸ ਵਾਲੇ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ, ਬੇਰੁਜ਼ਗਾਰ, ਮੁਲਾਜ਼ਮਾਂ 'ਤੇ ਸਰਕਾਰ ਦੇ ਇਸ਼ਾਰੇ 'ਤੇ ਜ਼ੁਲਮ ਕਰ ਰਹੇ ਹਨ | ਇਸ ਤਰ੍ਹਾਂ ਲੱਗਦਾ ਕਿ ਪੁਲਿਸ ਵਾਲੇ ਕਿਸੇ ਹੋਰ ਸੂਬੇ ਦੇ ਵਾਸੀ ਹੋਣ ਜਿਨ੍ਹਾਂ ਨੂੰ ਇਨ੍ਹਾਂ ਬੇਰੁਜ਼ਗਾਰਾਂ 'ਤੇ ਅੰਨ੍ਹਾ ਲਾਠੀਚਾਰਜ ਕਰਦਿਆਂ ਭੋਰਾ ਭਰ ਵੀ ਸ਼ਰਮ ਨਹੀਂ ਆਈ | ਉਨ੍ਹਾਂ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਲੋਕਾਂ ਦੇ ਮਸਲੇ ਹੱਲ ਕਰਨ ਦੀ ਥਾਂ ਲੋਕਾਂ ਨੂੰ ਡਰਾਉਣ ਧਮਕਾਉਣ ਲਈ ਅਜਿਹਾ ਕੁਕਰਮ ਕਰ ਰਹੀ ਹੈ |