ਕਿਸ਼ਨਪੁਰਾ ਕਲਾਂ, 6 ਜੂਨ (ਅਮੋਲਕ ਸਿੰਘ ਕਲਸੀ)-ਬਲੌਸਮ ਕਾਨਵੈਂਟ ਸਕੂਲ ਵਿਖੇ ਅੱਜ ਸੀ.ਬੀ.ਐਸ.ਈ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰਾਸ਼ਟਰੀ ਸਿੱਖਿਆ ਨੀਤੀ-2020 ਸਬੰਧੀ ਅਧਿਆਪਕਾਂ ਲਈ ਇਕ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ¢ ਇਸ ਵਰਕਸ਼ਾਪ ਵਿਚ ਸੀ.ਬੀ.ਐਸ.ਈ. ਵਲੋਂ ਨਾਮਜ਼ਦ ਰਿਸੋਰਸ ਪਰਸਨ ਡਾ. ਨਵਨੀਤ ਕੌਰ ਜੋ ਕਿ ਸ੍ਰੀ ਰਾਮ ਯੂਨੀਵਰਸਲ ਸਕੂਲ ਲੁਧਿਆਣਾ ਦੇ ਪਿ੍ੰਸੀਪਲ ਹਨ ਅਤੇ ਮੀਨਾ ਕੁਮਾਰੀ ਜੋ ਕਿ ਡੀ.ਏ.ਵੀ. ਸੈਂਟੇਨਰੀ ਪਬਲਿਕ ਸਕੂਲ ਜਗਰਾਉਂ ਵਿਚ ਪੀ.ਜੀ.ਟੀ. ਅਧਿਆਪਕਾ ਹਨ ਨੇ ਵਰਕਸ਼ਾਪ ਦੌਰਾਨ ਆਪਣੇ ਤਜਰਬੇ ਅਤੇ ਗਿਆਨ ਰਾਹੀਂ ਅਧਿਆਪਕਾਂ ਨੂੰ ਐਨ.ਈ.ਪੀ.-2020 ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣੂ ਕਰਵਾਇਆ¢ ਰਿਸੋਰਸ ਪਰਸਨਾਂ ਨੇ ਵੱਖ-ਵੱਖ ਗਤੀਵਿਧੀਆਂ ਰਾਹੀਂ ਅਧਿਆਪਕਾਂ ਨੂੰ ਰਾਸ਼ਟਰੀ ਸਿੱਖਿਆ ਨੀਤੀ-2020 ਦੇ ਮੁੱਖ ਉਦੇਸ਼ਾਂ, ਨਵੀਆਂ ਸਿੱਖਣ-ਸਿਖਾਉਣ ਪੱਧਤੀਆਂ ਅਤੇ ਵਿਦਿਆਰਥੀ-ਕੇਂਦਰਿਤ ਸਿੱਖਿਆ ਬਾਰੇ ਜਾਣਕਾਰੀ ਦਿੱਤੀ¢ ਉਨ੍ਹਾਂ ਅਧਿਆਪਕਾਂ ਨੂੰ ਦੱਸਿਆ ਕਿ ਕਿਵੇਂ ਉਹ ਇਨ੍ਹਾਂ ਨਵੀਆਂ ਰਣਨੀਤੀਆਂ ਨੂੰ ਕਲਾਸ ਰੂਮ ਵਿਚ ਅਪਣਾ ਕੇ ਵਿਦਿਆਰਥੀਆਂ ਦੀ ਸਮਝ ਅਤੇ ਸਿੱਖਣ ਦੀ ਯੋਗਤਾ ਨੂੰ ਹੋਰ ਬਿਹਤਰ ਬਣਾ ਸਕਦੇ ਹਨ¢ ਇਸ ਮੌਕੇ ਸਕੂਲ ਦੇ ਪਿ੍ੰਸੀਪਲ ਡਾ. ਨਵਨੀਤ ਕੌਰ ਨੇ ਦੋਵੇਂ ਰਿਸੋਰਸ ਪਰਸਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਸੀ.ਬੀ.ਐਸ.ਈ. ਵਲੋਂ ਸਮੇਂ-ਸਮੇਂ 'ਤੇ ਦਿੱਤੀਆਂ ਜਾਣ ਵਾਲੀਆਂ ਸਿਖਲਾਈਆਂ ਅਤੇ ਦਿਸ਼ਾ-ਨਿਰਦੇਸ਼ ਅਧਿਆਪਕਾਂ ਦੀ ਪੇਸ਼ੇਵਾਰ ਯੋਗਤਾ ਵਿਚ ਵਾਧਾ ਕਰਦੇ ਹਨ ਜਿਸ ਦਾ ਸਿੱਧਾ ਲਾਭ ਵਿਦਿਆਰਥੀਆਂ ਨੂੰ ਮਿਲਦਾ ਹੈ ¢ ਸਕੂਲ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਰਾੜ ਨੇ ਵੀ ਸੀ.ਬੀ.ਐਸ.ਈ. ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ¢