ਮੋਗਾ, 8 ਜੂਨ (ਸੁਰਿੰਦਰਪਾਲ ਸਿੰਘ, ਜਸਪਾਲ ਸਿੰਘ ਬੱਬੀ)-ਮੋਗਾ ਨਗਰ ਨਿਗਮ ਦੇ ਮੇਅਰ ਦੀ ਚੋਣ 11 ਜੂਨ ਨੂੰ ਹੋਣ ਜਾ ਰਹੀ ਹੈ¢ ਇਸ ਵਾਰ ਮੇਅਰ ਦੀ ਸੀਟ ਬੈਕਵਰਡ ਕਲਾਸ (ਬੀ.ਸੀ.) ਵਰਗ ਲਈ ਰਾਖਵੀਂ ਹੈ ਜਿਸ ਕਾਰਨ ਬੀ.ਸੀ. ਵਰਗ ਨਾਲ ਸੰਬੰਧਿਤ ਕੌਂਸਲਰਾਂ ਵਿਚ ਚਰਚਾ ਤੇ ਸਰਗਰਮੀਆਂ ਤੇਜ਼ ਹੋ ਗਈਆਂ ਹਨ¢ ਨਗਰ ਨਿਗਮ ਵਿਚ ਆਮ ਆਦਮੀ ਪਾਰਟੀ ਕੋਲ ਸਪਸ਼ਟ ਬਹੁਮਤ ਹੋਣ ਕਰਕੇ ਮੇਅਰ ਦੀ ਕੁਰਸੀ 'ਤੇ ਵੀ ਆਮ ਆਦਮੀ ਪਾਰਟੀ ਦਾ ਕਬਜ਼ਾ ਹੋਣਾ ਲਗਪਗ ਤਹਿ ਮੰਨਿਆ ਜਾ ਰਿਹਾ ਹੈ¢ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਕੋਲ ਬੀ.ਸੀ. ਵਰਗ ਨਾਲ ਸੰਬੰਧਿਤ ਦੋ ਕੌਂਸਲਰ ਹਨ ਜਿਨ੍ਹਾਂ ਵਿਚ ਇਕ ਮਹਿਲਾ ਅਤੇ ਇਕ ਪੁਰਸ਼ ਕੌਂਸਲਰ ਸ਼ਾਮਿਲ ਹਨ¢ ਹੁਣ ਸਿਆਸੀ ਗਲਿਆਰਿਆਂ ਵਿਚ ਇਹ ਚਰਚਾ ਜ਼ੋਰਾਂ 'ਤੇ ਹੈ ਕਿ ਪਾਰਟੀ ਆਖਰ ਕਿਸ ਚਿਹਰੇ 'ਤੇ ਭਰੋਸਾ ਜਤਾਉਂਦੀ ਹੈ ਅਤੇ ਮੋਗਾ ਦਾ ਅਗਲਾ ਮੇਅਰ ਕੌਣ ਬਣਦਾ ਹੈ¢ 11 ਜੂਨ ਨੂੰ ਹੋਣ ਵਾਲੀ ਚੋਣ ਦੌਰਾਨ ਇਸ ਸਸਪੈਂਸ ਤੋਂ ਪਰਦਾ ਉੱਠ ਜਾਵੇਗਾ ਅਤੇ ਮੋਗਾ ਨੂੰ ਆਪਣਾ ਨਵਾਂ ਮੇਅਰ ਮਿਲ ਜਾਵੇਗਾ¢ ਜ਼ਿਕਰਯੋਗ ਹੈ ਕਿ ਵਿਕਰਮਜੀਤ ਸਿੰਘ ਘਾਤੀ ਪਹਿਲਾਂ ਵੀ ਕੌਂਸਲਰ ਰਹਿ ਚੁੱਕੇ ਹਨ ਤੇ ਦੂਸਰੇ ਪਾਸੇ ਬੀ.ਸੀ. ਵਰਗ ਵਿਚ ਵਿਨੈਪਾਲ ਕੌਰ ਵਾਰਡ ਨੰਬਰ 8 ਤੋਂ ਪਹਿਲੀ ਵਾਰ ਕੌਂਸਲਰ ਬਣੇ ਹਨ ਪਰ ਸਿਆਸੀ ਅਕਾਵਾਂ ਦਾ ਇਹ ਮੰਨਣਾ ਹੈ ਕਿ ਵਿਨੈਪਾਲ ਕੌਰ ਵੀ ਪੜ੍ਹੀ ਲਿਖੀ ਤੇ ਸੂਝਵਾਨ ਹੈ ਜੇਕਰ ਔਰਤ ਵਰਗ ਨੂੰ ਨੁਮਾਇੰਦਗੀ ਮਿਲਦੀ ਹੈ ਤਾਂ ਉਨ੍ਹਾਂ ਨੂੰ ਮੇਅਰ ਬਣਾਇਆ ਜਾ ਸਕਦਾ ਹੈ ਤੇ ਜੇਕਰ ਸੀਨੀਅਰਤਾ ਵੇਖੀ ਜਾਵੇ ਤਾਂ ਫਿਰ ਵਿਕਰਮਜੀਤ ਸਿੰਘ ਘਾਤੀ ਵੀ ਮੇਅਰ ਲਈ ਯੋਗ ਉਮੀਦਵਾਰ ਹੈ |