ਠੱਠੀ ਭਾਈ, 8 ਜੂਨ (ਜਗਰੂਪ ਸਿੰਘ ਮਠਾੜੂ)-ਪਿੰਡ ਸੇਖਾ ਕਲਾਂ ਵਿਚ ਹਨੇਰੀ ਅਤੇ ਝੱਖੜ ਦੇ ਦਿਨਾਂ ਦੌਰਾਨ ਬਿਜਲੀ ਲਾਈਨਾਂ ਵਿਚ ਆ ਰਹੀਆਂ ਤਕਨੀਕੀ ਸਮੱਸਿਆਵਾਂ ਕਾਰਨ ਪਿੰਡ ਵਾਸੀਆਂ ਨੂੰ ਬਿਜਲੀ ਸਪਲਾਈ ਦੇ ਵਾਰ-ਵਾਰ ਠੱਪ ਹੋਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਸੀ | ਇਸ ਮੁੱਦੇ ਦੇ ਹੱਲ ਲਈ ਸਮਾਜ ਸੇਵੀ ਡਾ. ਰਾਜ ਦੁਲਾਰ ਸਿੰਘ ਸੇਖਾ ਕਲਾਂ ਨੇ ਪਾਵਰਕਾਮ ਦੇ ਅਧਿਕਾਰੀਆਂ ਨਾਲ ਸੰਪਰਕ ਕਰਕੇ ਸਮੱਸਿਆ ਦੇ ਜਲਦ ਨਿਪਟਾਰੇ ਦੀ ਮੰਗ ਕੀਤੀ | ਡਾ. ਰਾਜ ਦੁਲਾਰ ਸਿੰਘ ਵਲੋਂ ਕੀਤੀ ਬੇਨਤੀ ਨੂੰ ਗੰਭੀਰਤਾ ਨਾਲ ਲੈਂਦਿਆਂ ਬੇਅੰਤ ਸਿੰਘ ਐਸ.ਡੀ.ਓ. ਪਾਵਰਕਾਮ ਸਮਾਲਸਰ ਅਤੇ ਜੇ.ਈ. ਅਭਿਸ਼ੇਕ ਦੀ ਅਗਵਾਈ ਹੇਠ ਪਾਵਰਕਾਮ ਦੀ ਟੀਮ ਨੇ ਪਹਿਲ ਦੇ ਆਧਾਰ 'ਤੇ ਪਿੰਡ ਸੇਖਾ ਕਲਾਂ ਵਿਚ ਛੇ ਜੀਓ ਸਵਿੱਚਾਂ ਸਥਾਪਤ ਕੀਤੀਆਂ | ਇਨ੍ਹਾਂ ਸਵਿੱਚਾਂ ਦੇ ਲੱਗਣ ਨਾਲ ਬਿਜਲੀ ਸਪਲਾਈ ਪ੍ਰਣਾਲੀ ਵਿਚ ਵੱਡਾ ਸੁਧਾਰ ਆਇਆ ਹੈ ਅਤੇ ਪਿੰਡ ਵਾਸੀਆਂ ਨੂੰ ਨਿਰੰਤਰ ਬਿਜਲੀ ਸਪਲਾਈ ਮਿਲਣੀ ਸ਼ੁਰੂ ਹੋ ਗਈ ਹੈ | ਪਿੰਡ ਵਾਸੀਆਂ ਨੇ ਵੀ ਇਸ ਕਾਰਜ ਲਈ ਪਾਵਰਕਾਮ ਦੇ ਅਧਿਕਾਰੀਆਂ ਦੀ ਸ਼ਲਾਘਾ ਕੀਤੀ ਹੈ | ਇਸ ਮੌਕੇ ਡਾ. ਰਾਜ ਦੁਲਾਰ ਸਿੰਘ ਸੇਖਾ ਨੇ ਬੇਅੰਤ ਸਿੰਘ ਐਸ.ਡੀ.ਓ., ਜੇ.ਈ. ਅਭਿਸ਼ੇਕ ਅਤੇ ਸਮੁੱਚੀ ਪਾਵਰਕਾਮ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਉਪਰਾਲੇ ਨਾਲ ਪਿੰਡ ਦੇ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ ਅਤੇ ਬਿਜਲੀ ਸਪਲਾਈ ਦੀ ਸਮੱਸਿਆ ਕਾਫੀ ਹੱਦ ਤੱਕ ਹੱਲ ਹੋ ਗਈ ਹੈ |