ਕਿਸ਼ਨਪੁਰਾ ਕਲਾਂ, 8 ਜੂਨ (ਪਰਮਿੰਦਰ ਸਿੰਘ ਗਿੱਲ, ਅਮੋਲਕ ਸਿੰਘ ਕਲਸੀ)-ਪਿੰਡ ਭਿੰਡਰ ਕਲਾਂ ਵਿਚਕਾਰ ਗੰਦੇ ਪਾਣੀ ਦਾ ਛੱਪੜ ਨੱਕੋਂ-ਨੱਕ ਭਰ ਜਾਣ ਕਾਰਨ ਪਿੰਡ ਵਾਸੀਆਂ ਦੀਆਂ ਚਿੰਤਾਵਾਂ ਵਧ ਗਈਆਂ ਹਨ | ਮਾਨਸੂਨ ਦੀਆਂ ਬਾਰਸ਼ਾਂ ਨੇੜੇ ਹੋਣ ਕਰਕੇ ਛੱਪੜ ਦੇ ਕਿਨਾਰੇ ਵਸੇ ਘਰਾਂ ਦੇ ਲੋਕਾਂ ਵਿਚ ਸਹਿਮ ਦਾ ਮਾਹੌਲ ਬਣਿਆਂ ਹੋਇਆ ਹੈ | ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਹਰ ਸਾਲ ਬਾਰਸ਼ਾਂ ਦੌਰਾਨ ਛੱਪੜ ਦਾ ਪਾਣੀ ਘਰਾਂ ਅਤੇ ਗਲੀਆਂ ਵਿਚ ਦਾਖਲ ਹੋ ਜਾਂਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਜੇਕਰ ਬਰਸਾਤਾਂ ਤੋਂ ਪਹਿਲਾਂ ਛੱਪੜ ਖਾਲੀ ਨਾ ਕੀਤਾ ਗਿਆ ਤਾਂ ਓਵਰਫ਼ਲੋ ਹੋ ਕੇ ਰਿਹਾਇਸ਼ੀ ਘਰਾਂ ਤੇ ਗਲੀਆਂ ਵਿਚ ਪਾਣੀ ਜਮਾਂ ਹੋਵੇਗਾ | ਪਿੰਡ ਵਾਸੀਆਂ ਨੇ ਦੱਸਿਆ ਕਿ ਕਾਫੀ ਸਮਾਂ ਪਹਿਲਾਂ ਸਮੇਂ ਇਸ ਸਮੱਸਿਆ ਦੇ ਹੱਲ ਲਈ ਲੱਖਾਂ ਰੁਪਏ ਦੀ ਲਾਗਤ ਨਾਲ ਸੀਵਰੇਜ ਵਿਵਸਥਾ ਰਾਹੀਂ ਛੱਪੜ ਦੇ ਪਾਣੀ ਦੀ ਨਿਕਾਸੀ ਲਈ ਮੋਟਰ ਵੀ ਲਗਾਈ ਗਈ ਸੀ | ਇਸ ਪ੍ਰਬੰਧ ਰਾਹੀਂ ਸਮੇਂ-ਸਮੇਂ 'ਤੇ ਪਾਣੀ ਬਾਹਰ ਕੱਢਿਆ ਜਾਂਦਾ ਰਿਹਾ, ਪਰ ਹੁਣ ਮੋਟਰ ਦੇ ਖ਼ਰਾਬ ਹੋ ਜਾਣ ਕਾਰਨ ਨਿਕਾਸੀ ਦਾ ਕੰਮ ਬੰਦ ਪਿਆ ਹੈ ਅਤੇ ਛੱਪੜ ਪੂਰੀ ਤਰ੍ਹਾਂ ਭਰ ਚੁੱਕਾ ਹੈ | ਮੌਜੂਦਾ ਸਰਕਾਰ ਵਲੋਂ ਵੀ ਇਸ ਲੰਬੇ ਸਮੇਂ ਤੋਂ ਚੱਲ ਰਹੀ ਸਮੱਸਿਆ ਦੇ ਹੱਲ ਲਈ ਕਾਫ਼ੀ ਪੈਸਾ ਖ਼ਰਚ ਕਰਕੇ ਟਰੀਟਮੈਂਟ ਪਲਾਂਟ ਬਣਾਇਆ ਗਿਆ | ਪਰ ਪਿੰਡ ਵਾਸੀਆਂ ਅਨੁਸਾਰ ਇਹ ਪਲਾਂਟ ਚਾਲੂ ਹੋਣ ਤੋਂ ਪਹਿਲਾਂ ਹੀ ਬਾਰਸ਼ ਦੇ ਪਾਣੀ ਨਾਲ ਨੁਕਸਾਨਿਆਂ ਗਿਆ ਸੀ | ਹੁਣ ਮੁਕੰਮਲ ਹੋਣ ਦੇ ਬਾਵਜੂਦ ਇਹ ਲੋਕਾਂ ਨੂੰ ਕੋਈ ਵਿਸ਼ੇਸ਼ ਰਾਹਤ ਨਹੀਂ ਦੇ ਸਕਿਆ ਜੋ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ | ਪਿੰਡ ਦੇ ਬਜ਼ੁਰਗ ਲੋਕਾਂ ਦਾ ਕਹਿਣਾ ਹੈ ਹੁਣ ਤੱਕ ਵੱਖ-ਵੱਖ ਪਾਰਟੀਆਂ ਦੀਆਂ ਸਰਕਾਰਾਂ ਬਣੀਆਂ | ਪਰ ਇਸ ਛੱਪੜ ਦੀ ਸਮੱਸਿਆ ਦਾ ਸਥਾਈ ਹੱਲ ਅੱਜ ਤੱਕ ਨਹੀਂ ਹੋ ਸਕਿਆ | ਛੱਪੜ ਦੇ ਨਜ਼ਦੀਕ ਰਹਿਣ ਵਾਲੇ ਪਰਿਵਾਰਾਂ ਨੇ ਦੱਸਿਆ ਕਿ ਜੇਕਰ ਮਾਨਸੂਨ ਤੋਂ ਪਹਿਲਾਂ ਇਸ ਦੀ ਨਿਕਾਸੀ ਨਾ ਕੀਤੀ ਗਈ ਤਾਂ ਆਉਣ ਵਾਲੀਆਂ ਬਾਰਸ਼ਾਂ ਮੌਸਮ ਦੌਰਾਨ ਉਨ੍ਹਾਂ ਦੇ ਘਰਾਂ ਅਤੇ ਗਲੀਆਂ ਵਿਚ ਪਾਣੀ ਭਰ ਸਕਦਾ ਹੈ, ਜਿਸ ਨਾਲ ਨੁਕਸਾਨ ਹੋਣ ਦੇ ਨਾਲ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਹੋ ਸਕਦਾ ਹੈ | ਉਨ੍ਹਾਂ ਦੱਸਿਆ ਕਿ ਇਹ ਛੱਪੜ ਪਹਿਲਾਂ ਹਾਦਸਿਆਂ ਦਾ ਕਾਰਨ ਵੀ ਬਣ ਚੁੱਕਾ ਹੈ | ਕੁਝ ਸਮਾਂ ਪਹਿਲਾਂ ਇਸ ਛੱਪੜ ਵਿਚ ਡੁੱਬਣ ਕਾਰਨ ਪਿੰਡ ਦੇ ਦੋ ਵਿਅਕਤੀ ਦੀ ਮੌਤ ਵੀ ਹੋ ਚੁੱਕੀ ਹੈ, ਜਿਸ ਤੋਂ ਬਾਅਦ ਲੋਕਾਂ ਵਿਚ ਇਸ ਪ੍ਰਤੀ ਡਰ ਹੋਰ ਵੱਧ ਗਿਆ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਛੱਪੜ ਦੇ ਆਲੇ-ਦੁਆਲੇ ਸੁਰੱਖਿਆ ਦੇ ਯੋਗ ਪ੍ਰਬੰਧ ਨਾ ਹੋਣ ਕਾਰਨ ਬੱਚਿਆਂ ਅਤੇ ਪਸ਼ੂਆਂ ਲਈ ਵੀ ਖ਼ਤਰਾ ਬਣਿਆ ਰਹਿੰਦਾ ਹੈ | ਦੂਜੇ ਪਾਸੇ ਗ੍ਰਾਮ ਪੰਚਾਇਤ ਦਾ ਕਹਿਣਾ ਹੈ ਕਿ ਪਾਣੀ ਦੀ ਨਿਕਾਸੀ ਲਈ ਲਗਾਈ ਗਈ ਮੋਟਰ ਦਾ ਬਿਜਲੀ ਬਿੱਲ ਅਦਾ ਕਰਨ ਤੋਂ ਇਲਾਵਾ ਮੋਟਰ ਨਾਲ ਸੰਬੰਧਿਤ ਸਮਾਨ ਕਈ ਵਾਰ-ਵਾਰ ਚੋਰੀ ਹੋਣ ਕਾਰਨ ਵੀ ਪਾਣੀ ਦੀ ਨਿਕਾਸੀ ਵਿਚ ਦੇਰੀ ਹੋਈ ਹੈ | ਪਿੰਡ ਵਾਸੀਆਂ ਨੇ ਕਿਹਾ ਕਿ ਇਸ ਗੰਭੀਰ ਸਮੱਸਿਆ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ ਜਾ ਰਿਹਾ | ਉਨ੍ਹਾਂ ਨੇ ਪ੍ਰਸ਼ਾਸਨ ਪੰਚਾਇਤ ਅਤੇ ਸਬੰਧਿਤ ਵਿਭਾਗਾਂ ਤੋਂ ਮੰਗ ਕੀਤੀ ਕਿ ਮਾਨਸੂਨ ਦੀ ਸ਼ੁਰੂਆਤ ਤੋਂ ਪਹਿਲਾਂ ਛੱਪੜ ਦੇ ਪਾਣੀ ਦੀ ਤੁਰੰਤ ਨਿਕਾਸੀ ਯਕੀਨੀ ਬਣਾਈ ਜਾਵੇ ਅਤੇ ਸਥਾਈ ਹੱਲ ਲਈ ਢੁਕਵੇਂ ਕਦਮ ਚੁੱਕੇ ਜਾਣ, ਤਾਂ ਜੋ ਲੋਕਾਂ ਨੂੰ ਹਰ ਸਾਲ ਇਸ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ | ਇਸ ਮੌਕੇ ਤੇ ਬਲਦੇਵ ਸਿੰਘ, ਮਲਕੀਤ ਸਿੰਘ, ਮਨਪ੍ਰੀਤ ਸਿੰਘ, ਰਣਜੀਤ ਸਿੰਘ ਪ੍ਰਧਾਨ, ਸੁਖਵਿੰਦਰ ਸਿੰਘ ਸੋਨੀ, ਮਨਜੀਤ ਕੁਮਾਰ, ਜੋਗਿੰਦਰ ਸਿੰਘ ਨਾਗੀ, ਬਲੌਰ ਸਿੰਘ ਨਾਗੀ, ਭੁਪਿੰਦਰ ਸਿੰਘ ਸ਼ੇਰਾ, ਤਾਰੀ ਨਾਗੀ, ਸੁੱਖਾ ਜੰਡੂ, ਹਰਨੇਕ ਸਿੰਘ ਜੰਡੂ, ਕਾਲਾ ਸਿੰਘ ਜੰਡੂ, ਨਿੰਮਾਂ ਜੰਡੂ ਆਦਿ ਹਾਜ਼ਰ ਸਨ |