ਕਿਸ਼ਨਪੁਰਾ ਕਲਾਂ, 8 ਜੂਨ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਰੁਜ਼ਗਾਰ ਮੰਗ ਰਹੇ ਲਾਈਨਮੈਨਾਂ ਤੇ ਪੰਜਾਬ ਸਰਕਾਰ ਦੀ ਸ਼ਹਿ 'ਤੇ ਕੀਤੇ ਅਣਮਨੁੱਖੀ ਤਸ਼ੱਦਦ ਦੀ ਨਿੰਦਾਂ ਕਰਦਿਆਂ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਪਿੰਡ ਕਮੇਟੀ ਕਿਸ਼ਨਪੁਰਾ ਕਲਾਂ ਵਲੋਂ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ | ਪਿੰਡ ਦਾ ਚੱਕਰ ਲਾਉਣ ਤੋਂ ਬਾਅਦ ਪਿੰਡ ਦੇ ਬੱਸ ਸਟੈਂਡ 'ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ, ਬਲਾਕ ਪ੍ਰਧਾਨ ਗੁਰਦੇਵ ਸਿੰਘ ਤੇ ਮੀਤ ਪ੍ਰਧਾਨ ਲਖਵੀਰ ਸਿੰਘ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਆਉਣ ਵਾਲੀਆਂ ਚੋਣਾਂ ਦੀ ਪ੍ਰਵਾਹ ਕੀਤੇ ਬਿਨਾਂ ਸਰਕਾਰ ਨੇ ਇਹ ਫ਼ੈਸਲਾ ਲਿਆ ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਕਿ ਸਰਕਾਰਾਂ ਕਾਰਪੋਰੇਟਾਂ ਦੇ ਹੱਥਾਂ ਵਿਚ ਖੇਡ ਰਹੀਆਂ ਹਨ | ਬਲਾਕ ਆਗੂਆਂ ਨੇ ਅਪੀਲ ਕੀਤੀ ਕਿ ਵੇਲਾ ਆ ਗਿਆ ਹੈ ਸਾਰੇ ਕਿਰਤੀ ਲੋਕ ਇਕ ਪਲੇਟਫ਼ਾਰਮ ਤੇ ਇਕੱਠੇ ਹੋ ਕੇ ਇਨ੍ਹਾਂ ਅਮਰੀਕਾ ਪੱਖੀ ਸਰਕਾਰਾਂ ਨੂੰ ਲੋਕ ਮਾਰੂ ਫ਼ੈਸਲੇ ਵਾਪਸ ਕਰਨ ਲਈ ਮਜਬੂਰ ਕਰੀਏ ਅਤੇ ਲੜਨ ਵਾਲੇ ਬੇਰੁਜ਼ਗਾਰਾਂ ਦਾ ਹਰ ਤਰ੍ਹਾਂ ਸਾਥ ਦੇਣ ਦਾ ਭਰੋਸਾ ਦੁਆਇਆ | ਇਸ ਮੌਕੇ ਅਰਥੀ ਫੂਕ ਮੁਜ਼ਾਹਰੇ ਦੌਰਾਨ ਇਕਾਈ ਪ੍ਰਧਾਨ ਵਜ਼ੀਰ ਸਿੰਘ, ਬਿੰਦਰ ਸਿੰਘ, ਜਗਰਾਜ ਸਿੰਘ ਗਾਜਾ, ਪ੍ਰੀਤਮ ਸਿੰਘ, ਤੋਤਾ ਸਿੰਘ, ਵਿਸਾਖਾ ਸਿੰਘ, ਗੁਰਚਰਨ ਸਿੰਘ, ਬੰਤ ਸਿੰਘ, ਰਣਜੀਤ ਸਿੰਘ, ਰਾਜਵਿੰਦਰ ਸਿੰਘ ਰਾਜੂ, ਅੰਗਰੇਜ਼ ਸਿੰਘ, ਮੇਜਰ ਸਿੰਘ ਮੇਜੀ ਸੁਖਦੇਵ ਸਿੰਘ ਧਾਲੀਵਾਲ, ਮੱਖਣ ਸਿੰਘ, ਰਾਜੂ ਬਾਈ, ਜਸਵੀਰ ਸਿੰਘ ਫੀਰੀ, ਕਾਲਾ ਆਦਿ ਹਾਜ਼ਰ ਸਨ |