ਮੋਗਾ, 14 ਜੂਨ (ਸੁਰਿੰਦਰਪਾਲ ਸਿੰਘ)-ਸ਼ਹਿਰ ਦੇ ਕੋਟਕਪੂਰਾ ਬਾਈਪਾਸ ਸਥਿਤ ਮੰਦਰ ਲਾਲ ਦੁਆਰਾ ਵਿਖੇ ਪਾਵਨ ਦੂਜ ਦੇ ਪਵਿੱਤਰ ਤਿਉਹਾਰ ਮੌਕੇ 16 ਜੂਨ ਨੂੰ ਸ਼ਾਮ 5 ਵਜੇ ਤੋਂ ਪ੍ਰਭੂ ਇੱਛਾ ਤੱਕ ਇਕ ਸ਼ਾਮ ਬਾਵਾ ਲਾਲ ਜੀ ਦੇ ਨਾਮ ਸੰਕੀਰਤਨ ਕਰਵਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਦਰ ਦੇ ਚੇਅਰਮੈਨ ਅਤੇ ਮੁੱਖ ਸੇਵਾਦਾਰ ਰਜਿੰਦਰ ਵਧਵਾ ਨੇ ਦੱਸਿਆ ਕਿ ਸ੍ਰੀ ਗੁਰੂ ਮਹਾਰਾਜ ਸ੍ਰੀ ਰਾਮ ਸੁੰਦਰ ਦਾਸ ਜੀ ਮਹਾਰਾਜ ਦੇ ਦਰਬਾਰ ਸ੍ਰੀ ਧਿਆਨਪੁਰ ਧਾਮ ਦੀ ਅਪਾਰ ਕਿਰਪਾ ਅਤੇ ਆਗਿਆ ਸਦਕਾ ਹਰ ਮਹੀਨੇ ਪਾਵਨ ਦੂਜ ਦੇ ਮੌਕੇ ਆਉਣ ਵਾਲੀ ਸੰਗਤ ਲਈ ਭੰਡਾਰਾ ਲਗਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਮੰਦਰ ਦੇ ਸੇਵਾਦਾਰਾਂ ਵਲੋਂ ਭੰਡਾਰੇ ਦੀ ਸੇਵਾ ਨਿਭਾਈ ਜਾ ਰਹੀ ਹੈ। ਉਨ੍ਹਾਂ ਸਮੂਹ ਸੰਗਤ ਅਤੇ ਸੇਵਕਾਂ ਨੂੰ ਸੰਕੀਰਤਨ ਵਿਚ ਸ਼ਾਮਿਲ ਹੋ ਕੇ ਬਾਵਾ ਲਾਲ ਦਾ ਅਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਮਹਿਲਾ ਸੰਕੀਰਤਨ ਮੰਡਲੀ ਵਲੋਂ ਬਾਵਾ ਲਾਲ ਦੇ ਭਜਨਾਂ ਦਾ ਗੁਣਗਾਨ ਕੀਤਾ ਜਾਵੇਗਾ ।