ਮੋਗਾ, 21 ਜੂਨ (ਸੁਰਿੰਦਰਪਾਲ ਸਿੰਘ)-ਪੰਜਾਬ ਸਰਕਾਰ ਦੇ ਡਾਇਰੈਕਟੋਰੇਟ ਆਫ਼ ਆਯੁਰਵੇਦਾ ਪੰਜਾਬ ਅਤੇ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਵਲੋਂ ਅੱਜ ਜ਼ਿਲ੍ਹਾ ਮੋਗਾ ਦੇ ਕਸ਼ਮੀਰੀ ਪਾਰਕ ਵਿਚ ਅੰਤਰ-ਰਾਸ਼ਟਰੀ ਯੋਗਾ ਦਿਵਸ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਆਮ ਲੋਕਾਂ, ਵਿਦਿਆਰਥੀਆਂ, ਯੋਗਾ ਇੰਸਟਰਕਟਰਾਂ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਸਮਾਜਿਕ ਸੰਗਠਨਾਂ ਨੇ ਸ਼ਮੂਲੀਅਤ ਕੀਤੀ। ਵਧੀਕ ਡਿਪਟੀ ਕਮਿਸ਼ਨਰ ਮੋਗਾ ਜਸਪਿੰਦਰ ਸਿੰਘ ਨੇ ਇਸ ਸਮਾਗਮ ਵਿਚ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰ ਕੇ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਹੈ ਕਿ ਹਰ ਘਰ ਵਿਚ ਯੋਗ ਹੋਵੇ ਅਤੇ ਹਰੇਕ ਘਰ ਦੇ ਮੈਂਬਰ ਰੋਗ ਮੁਕਤ ਜ਼ਿੰਦਗੀ ਜਿਊਣ। ਇਸ ਸੋਚ ਨੂੰ ਅੱਗੇ ਵਧਾਉਂਦੇ ਹੋਏ ਅੰਤਰ-ਰਾਸ਼ਟਰੀ ਯੋਗ ਦਿਵਸ ਨੂੰ ਇਕ ਜਨਤਕ ਜਸ਼ਨ ਵਜੋਂ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਯੋਗਾ ਦਾ ਅਭਿਆਸ ਦੁਨੀਆ ਭਰ ਵਿਚ ਸਿਹਤਮੰਦ ਜੀਵਨ ਸ਼ੈਲੀ ਦਾ ਹਿੱਸਾ ਬਣ ਚੁੱਕਿਆ ਹੈ। ਯੋਗਾ, ਸਰੀਰਕ ਤੰਦਰੁਸਤੀ, ਮਾਨਵ ਪ੍ਰਣਾਲੀ ਦੇ ਕੰਮਕਾਜ ਅਤੇ ਕਾਰਡੀ� ਨਾੜੀ ਲਈ ਲਾਭਦਾਇਕ ਹਨ। ਇਹ ਡਿਪਰੈਸ਼ਨ, ਥਕਾਵਟ, ਚਿੰਤਾ ਅਤੇ ਤਣਾਅ ਨੂੰ ਘੱਟ ਕਰਨ ਵਿਚ ਵੀ ਮਦਦ ਕਰਦਾ ਹੈ। ਇਸ ਸਮਾਗਮ ਵਿਚ ਐਸ.ਡੀ.ਐਮ. ਮੋਗਾ ਸਤਵਿੰਦਰਪਾਲ ਸਿੰਘ ਰਣੀਕੇ, ਜ਼ਿਲ੍ਹਾ ਆਯੁਰਵੈਦਿਕ ਅਫ਼ਸਰ ਡਾ. ਪਲਵਿੰਦਰ ਸਿੰਘ, ਸਿਵਲ ਸਰਜਨ ਮੋਗਾ ਡਾ. ਅਸ਼ੋਕ ਸਿੰਗਲਾ, ਆਯੂਸ਼ ਹਸਪਤਾਲ ਤੋਂ ਡਾ. ਗੁਰਪ੍ਰੀਤ ਸਿੰਘ, ਐਸ.ਪੀ. ਸੰਦੀਪ ਸਿੰਘ ਮੰਡ ਮੌਜੂਦ ਸਨ। ਉੱਚ ਪੱਧਰੀ ਸਿਵਲ, ਪੁਲਿਸ ਅਧਿਕਾਰੀਆਂ ਆਦਿ ਨੇ ਭਾਰੀ ਗਿਣਤੀ ਵਿਚ ਇਕੱਠੇ ਹੋਏ ਲੋਕਾਂ ਨਾਲ ਯੋਗਾ ਦੇ ਮਾਹਿਰ ਇੰਸਟਰਕਟਰਾਂ ਨਾਲ ਯੋਗ ਕਿਰਿਆਵਾਂ ਕੀਤੀਆਂ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਕ ਸਿਹਤਮੰਦ ਮਨ ਬਿਮਾਰ ਸਰੀਰ ਵਿਚ ਨਹੀਂ ਰਹਿ ਸਕਦਾ। ਜੇਕਰ ਮਨ ਤੰਦਰੁਸਤ ਨਹੀਂ ਤਾਂ ਵਿਚਾਰ ਵੀ ਤੰਦਰੁਸਤ ਨਹੀਂ ਹੋ ਸਕਦੇ ਅਤੇ ਜਦੋਂ ਵਿਚਾਰ ਹੀ ਤੰਦਰੁਸਤ ਨਹੀਂ ਤਾਂ ਕਰਮ ਦਾ ਅਭਿਆਸ ਕਿਵੇਂ ਹੋਵੇਗਾ, ਮਨੁੱਖ ਆਪਣੇ ਕਰਤੱਵ ਕਿਵੇਂ ਨਿਭਾਏਗਾ। ਸਰੀਰ ਨੂੰ ਤੰਦਰੁਸਤ ਅਤੇ ਮਜ਼ਬੂਤ ਬਣਾਉਣ ਲਈ ਯੋਗਾ ਜ਼ਰੂਰੀ ਹੈ। ਇਸ ਲਈ ਸਾਨੂੰ ਆਪਣੇ ਵਿਚਾਰ ਮਜ਼ਬੂਤ ਕਰਨੇ ਪੈਣਗੇ ਅਤੇ ਵਿਚਾਰਾਂ ਦੀ ਮਜ਼ਬੂਤੀ ਲਈ ਯੋਗਾ ਜ਼ਰੂਰੀ ਹੈ। ਯੋਗ ਨੂੰ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਵਰਦਾਨ ਦੱਸਦਿਆਂ ਉਨ੍ਹਾਂ ਕਿਹਾ ਕਿ ਯੋਗਸ਼ਾਲਾਵਾਂ ਪੰਜਾਬੀਆਂ ਨੂੰ ਸਿਹਤਮੰਦ ਜੀਵਨ ਜਿਊਣ ਵਿਚ ਮਦਦ ਕਰ ਰਹੀਆਂ ਹਨ। ਉਨ੍ਹਾਂ ਹਰੇਕ ਵਿਅਕਤੀ ਨੂੰ ਸਿਹਤਮੰਦ ਰਹਿਣ ਲਈ ਯੋਗ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਬਣਾਉਣ ਦੀ ਅਪੀਲ ਕੀਤੀ। ਹਾਜ਼ਰੀਨ ਨੇ ਯੋਗਾ ਨੂੰ ਰੋਜ਼ਾਨਾ ਵਕਤ ਦੇਣ ਦਾ ਪ੍ਰਣ ਲਿਆ। ਜ਼ਿਲ੍ਹੇ ਤੋਂ ਇਲਾਵਾ ਸਮੂਹ ਸਬ ਡਵੀਜ਼ਨਾਂ ਵਿਚ ਵੀ ਸਮੂਹਿਕ ਯੋਗ ਅਭਿਆਸ ਪ੍ਰੋਗਰਾਮ, ਯੋਗ ਪ੍ਰਦਰਸ਼ਨ, ਸਿਹਤ ਜਾਗਰੂਕਤਾ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ।
ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਸੰਤ ਬਾਬਾ ਭਾਗ ਸਿੰਘ ਪਬਲਿਕ ਸਕੂਲ ਸੁਖਾਨੰਦ ਵਿਖੇ ਸ਼ੇਸ਼ ਸਮਾਗਮ
ਠੱਠੀ ਭਾਈ, (ਜਗਰੂਪ ਸਿੰਘ ਮਠਾੜੂ)-ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਸੰਤ ਬਾਬਾ ਭਾਗ ਸਿੰਘ ਪਬਲਿਕ ਸਕੂਲ, ਸੁਖਾਨੰਦ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਵੱਖ-ਵੱਖ ਯੋਗ ਆਸਣਾਂ ਦਾ ਪ੍ਰਦਰਸ਼ਨ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਸਕੂਲ ਦੇ ਡਾਇਰੈਕਟਰ ਅਤੇ ਪ੍ਰਿੰਸੀਪਲ ਨੇ ਕਿਹਾ ਕਿ ਅੰਤਰਰਾਸ਼ਟਰੀ ਯੋਗਾ ਦਿਵਸ ਹਰ ਸਾਲ 21 ਜੂਨ ਨੂੰ ਦੁਨੀਆ ਭਰ ਵਿਚ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਦਾ ਥੀਮ ‘’ਸਿਹਤਮੰਦ ਬੁਢਾਪੇ ਲਈ ਯੋਗ’’ ਹੈ, ਜੋ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ‘ਤੇ ਕੇਂਦਰਿਤ ਹੈ। ਇਸ ਮੌਕੇ ਡਾਇਰੈਕਟਰ, ਪ੍ਰਿੰਸੀਪਲ ਮੈਡਮ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਨੇ ਵਿਦਿਆਰਥੀਆਂ ਨੂੰ ਚੰਗਾ ਅਤੇ ਪੌਸ਼ਟਿਕ ਭੋਜਨ ਖਾਣ, ਰੋਜ਼ਾਨਾ ਯੋਗਾ ਕਰਨ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦੀ ਅਪੀਲ ਕੀਤੀ। ਸਮਾਗਮ ਦੌਰਾਨ ਵਿਦਿਆਰਥੀਆਂ ਵਿਚ ਯੋਗਾ ਪ੍ਰਤੀ ਖ਼ਾਸ ਉਤਸ਼ਾਹ ਦੇਖਣ ਨੂੰ ਮਿਲਿਆ।