ਮੋਗਾ, 21 ਜੂਨ (ਸੁਰਿੰਦਰਪਾਲ ਸਿੰਘ)-ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਦੀ ਸੈਂਟਰ ਬਾਡੀ ਦੀ ਮੀਟਿੰਗ ਮੋਗਾ ਵਿਖੇ ਨਛੱਤਰ ਧਾਲੀਵਾਲ ਭਵਨ ਵਿਚ ਦੀਦਾਰ ਸਿੰਘ ਮੰਡ ਦੀ ਪ੍ਰਧਾਨਗੀ ਹੇਠ ਹੋਈ। ਹਾਜ਼ਰ ਸਾਥੀਆਂ ਨੂੰ ਸੰਬੋਧਨ ਕਰਦੇ ਹੋਏ ਚੇਅਰਮੈਨ ਜਗਦੀਸ਼ ਸਿੰਘ ਚਾਹਲ ਅਤੇ ਗੁਰਜੰਟ ਕੋਕਰੀ ਨੇ ਕਿਹਾ ਕਿ ਚੋਣਾਂ ਦੇ ਐਨ ਨਜ਼ਦੀਕ ਆ ਕੇ ਭਾਵੇਂ ਸਰਕਾਰ ਕੁਝ ਹਰਕਤ ਵਿਚ ਆਈ ਹੋਵੇ ਪਰ ਕਿਸਾਨਾਂ, ਮੁਲਾਜ਼ਮਾਂ, ਮਜ਼ਦੂਰਾਂ ਨਾਲ ਸਬੰਧਿਤ ਮਸਲੇ ਗੰਭੀਰ ਚਰਚਾ ਕਰਦੇ ਹੋਏ ਹੱਲ ਕੀਤੇ ਜਾ ਸਕਦੇ ਸੀ ਪਰ ਅਫ਼ਸੋਸ ਕਿ ਮੁੱਖ ਮੰਤਰੀ ਵਲੋਂ ਪਹਿਲੇ ਸਾਢੇ ਚਾਰ ਸਾਲ ਕਿਸੇ ਜਥੇਬੰਦੀ ਨਾਲ ਮੀਟਿੰਗ ਕਰਨਾ ਹੀ ਵਾਜਬ ਨਹੀਂ ਸਮਝਿਆ ਗਿਆ। ਖ਼ਾਸ ਕਰ ਕੇ ਰੋਡਵੇਜ਼ ਅਦਾਰਾ ਜੋ ਰੋਜ਼ਾਨਾ ਕਮਾਈ ਕਰ ਕੇ ਦੇਣ ਵਾਲਾ ਹੈ, ਨੂੰ ਬਿਲਕੁਲ ਅੱਖੋਂ-ਪਰੋਖੇ ਕੀਤਾ ਗਿਆ ਹੈ। ਕੇਵਲ ਮੁਫ਼ਤ ਦੀਆਂ ਰਿਉੜੀਆਂ ਨਾਲ ਸੂਬੇ ਨੂੰ ਮੁੜ ਪੈਰਾਂ ਸਿਰ ਨਹੀਂ ਕੀਤਾ ਜਾ ਸਕਦਾ। ਇਸ ਦੇ ਲਈ ਠੋਸ ਇਰਾਦਾ ਅਤੇ ਨੇਕ ਨੀਤੀ ਦੀ ਲੋੜ ਹੈ ਜੋ ਫ਼ਿਲਹਾਲ ਪੰਜਾਬ ਦੀ ਕਿਸੇ ਸਿਆਸੀ ਧਿਰ ਕੋਲ ਨਜ਼ਰ ਨਹੀਂ ਆ ਰਹੀ। ਸਿਆਸੀ ਵਿਰੋਧ ਨੂੰ ਨਿੱਜੀ ਦੁਸ਼ਮਣੀ ਬਣਾ ਕੇ ਇਕ ਧਿਰ ਬਾਕੀ ਧਿਰਾਂ ਨੂੰ ਹਰੇਕ ਤਰੀਕੇ ਨਾਲ ਨੀਵਾਂ ਦਿਖਾਉਣ ਅਤੇ ਘਟੀਆ ਦੂਸ਼ਣਬਾਜ਼ੀ ਕਰਨ ‘ਤੇ ਬਜ਼ਿਦ ਹੋ ਚੁੱਕੀ ਹੈ। ਅਫ਼ਸੋਸ ਹੈ ਕਿ ਸੂਬੇ ਦੀ ਰਾਜਨੀਤੀ ਵਿਚੋਂ ਕੇਵਲ ਨੀਤੀ ਹੀ ਨਹੀਂ ਬਲਕਿ ਨੈਤਿਕਤਾ ਵੀ ਗ਼ਾਇਬ ਹੋ ਚੁੱਕੀ ਹੈ। ਸਕੱਤਰ ਨੇ ਦੱਸਿਆ ਕਿ ਪਿਛਲੇ ਦਿਨੀਂ ਮੁੱਖ ਦਫ਼ਤਰ ਡਾਇਰੈਕਟਰ ਚੰਡੀਗੜ੍ਹ ਨਾਲ ਜਥੇਬੰਦੀ ਦੀ ਮੀਟਿੰਗ ਹੋਈ ਜਿਸ ਵਿਚ ਉੱਚ ਅਧਿਕਾਰੀਆਂ ਵਲੋਂ ਦੱਸਿਆ ਗਿਆ ਕਿ ਮੌਤ ਹੋਏ 38 ਮੁਲਾਜ਼ਮਾਂ ਦੇ ਵਾਰਿਸਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ 384 ਨਵੀਆਂ ਬੱਸਾਂ ਜਲਦ ਵਿਭਾਗ ਵਿਚ ਪੈ ਰਹੀਆਂ ਹਨ। ਹਾਲਾਂ ਕਿ ਵਰਕਸ਼ਾਪਾਂ ਦਾ ਨਵੀਨੀਕਰਨ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਬਾਰੇ ਕੋਈ ਠੋਸ ਨੀਤੀ ਨਦਾਰਦ ਹੈ। ਜਥੇਬੰਦੀ ਵਲੋਂ ਮਿਤੀ 27 ਜੂਨ ਨੂੰ ਬਲਵਿੰਦਰ ਸੰਧੂ ਦੀ ਬਰਸੀ ਮੋਗਾ ਵਿਖੇ ਮਨਾਈ ਜਾ ਰਹੀ ਹੈ। ਮਿਤੀ 4 ਜੁਲਾਈ ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੰਚ ਦੀ ਕਨਵੈਨਸ਼ਨ ਮੋਗਾ ਵਿਖੇ ਕੀਤੀ ਜਾ ਰਹੀ ਹੈ। ਮੀਟਿੰਗ ਵਿਚ ਬਲਵਿੰਦਰ ਛੀਨਾ, ਅੰਗਰੇਜ਼ ਸਿੰਘ ਮੁਕਤਸਰ, ਬਲਰਾਜ ਭੰਗੂ, ਗੁਰਜੀਤ ਸਿੰਘ ਜਲੰਧਰ, ਅਜੈ ਸਨੋਤਰਾ, ਨਵਦੀਪ ਤਰਨਤਾਰਨ, ਹਰਬੰਸ ਲੁਧਿਆਣਾ ਹਾਜ਼ਰ ਸਨ।
ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਦੀ ਸੈਂਟਰ ਬਾਡੀ ਦੀ ਮੀਟਿੰਗ ਦੀਦਾਰ ਸਿੰਘ ਮੰਡ ਦੀ ਪ੍ਰਧਾਨਗੀ ਹੇਠ ਹੋਈ
ਅਜੀਤ ਡੈਸਕ
22-06-2026