ਮੋਗਾ, 22 ਜੂਨ (ਗੁਰਤੇਜ ਸਿੰਘ ਬੱਬੀ)-ਸਿਵਲ ਸਰਜਨ ਮੋਗਾ ਡਾ. ਅਸ਼ੋਕ ਸਿੰਗਲਾ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਐਚ.ਪੀ.ਵੀ. (ਹਿਊਮਨ ਪੈਪੀਲੋਮਾ ਵਾਇਰਸ) ਟੀਕਾਕਰਨ ਸਬੰਧੀ ਫੈਲਾਈਆਂ ਜਾ ਰਹੀਆਂ ਗਲਤ ਅਫ਼ਵਾਹਾਂ ਅਤੇ ਭਰਮਾਂ ਤੋਂ ਸੁਚੇਤ ਰਹਿਣ ਅਤੇ ਸਿਰਫ਼ ਵਿਗਿਆਨਕ ਤੱਥਾਂ ਅਤੇ ਮੈਡੀਕਲ ਮਾਹਿਰਾਂ ਦੀ ਸਲਾਹ ‘ਤੇ ਹੀ ਭਰੋਸਾ ਕਰਨ। ਡਾ. ਸਿੰਗਲਾ ਨੇ ਦੱਸਿਆ ਕਿ ਐਚ.ਪੀ.ਵੀ. ਇਕ ਆਮ ਵਾਇਰਸ ਹੈ, ਜੋ ਭਵਿੱਖ ਵਿਚ ਸਰਵਾਈਕਲ ਕੈਂਸਰ ਸਮੇਤ ਕੁਝ ਹੋਰ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਐਚ.ਪੀ.ਵੀ. ਵੈਕਸੀਨ ਇਨ੍ਹਾਂ ਬਿਮਾਰੀਆਂ ਤੋਂ ਬਚਾਅ ਲਈ ਇਕ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਉਪਾਅ ਹੈ। ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਅਤੇ ਹੋਰ ਮਾਧਿਅਮਾਂ ਰਾਹੀਂ ਐਚ.ਪੀ.ਵੀ. ਵੈਕਸੀਨ ਬਾਰੇ ਕਈ ਤਰ੍ਹਾਂ ਦੀਆਂ ਗਲਤ ਅਤੇ ਭਰਮਪੂਰਨ ਜਾਣਕਾਰੀਆਂ ਫੈਲਾਈਆਂ ਜਾ ਰਹੀਆਂ ਹਨ। ਕੁਝ ਲੋਕ ਇਹ ਅਫ਼ਵਾਹ ਫੈਲਾਉਂਦੇ ਹਨ ਕਿ ਐਚ.ਪੀ.ਵੀ. ਵੈਕਸੀਨ ਬਾਂਝਪਣ ਜਾਂ ਹੋਰ ਗੰਭੀਰ ਸਿਹਤ ਸਮੱਸਿਆਵਾਂ ਦਾ ਕਾਰਨ ਬਣਦੀ ਹੈ, ਜਦ ਕਿ ਇਸ ਦਾਅਵੇ ਦਾ ਕੋਈ ਵਿਗਿਆਨਕ ਆਧਾਰ ਨਹੀਂ ਹੈ। ਇਹ ਵੈਕਸੀਨ ਸਖ਼ਤ ਵਿਗਿਆਨਕ ਜਾਂਚਾਂ ਅਤੇ ਮਾਪਦੰਡਾਂ ਤੋਂ ਬਾਅਦ ਹੀ ਵਰਤੋਂ ਲਈ ਮਨਜ਼ੂਰ ਕੀਤੀ ਜਾਂਦੀ ਹੈ। ਸਿਵਲ ਸਰਜਨ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਵੈਕਸੀਨੇਸ਼ਨ ਤੋ ਘਬਰਾਉਣ ਦੀ ਲੋੜ ਨਹੀਂ ਅਤੇ ਨਾ ਹੀ ਅਫ਼ਵਾਹਾਂ ਦਾ ਹਿੱਸਾ ਬਣੋ। ਉਨ੍ਹਾਂ ਕਿਹਾ ਕਿ ਵੈਕਸੀਨ ਲਗਵਾਉਣ ਤੋਂ ਬਾਅਦ ਬਾਂਹ ਵਿਚ ਹਲਕਾ ਦਰਦ, ਸੋਜ ਜਾਂ ਹਲਕਾ ਬੁਖ਼ਾਰ ਆਉਣਾ ਆਮ ਅਤੇ ਅਸਥਾਈ ਪ੍ਰਭਾਵ ਹਨ, ਜੋ ਕੁਝ ਸਮੇਂ ਬਾਅਦ ਆਪਣੇ ਆਪ ਠੀਕ ਹੋ ਜਾਂਦੇ ਹਨ। ਸਿਵਲ ਸਰਜਨ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਅਣ ਪੁਸ਼ਟੀ ਜਾਂ ਭਰਮਪੂਰਨ ਜਾਣਕਾਰੀ ‘ਤੇ ਵਿਸ਼ਵਾਸ ਕਰਨ ਦੀ ਬਜਾਏ ਸਿਹਤ ਵਿਭਾਗ ਦੇ ਨੇੜਲੇ ਸਿਹਤ ਸੰਸਥਾ ਦੇ ਅਧਿਕਾਰੀ, ਸਿਹਤ ਕਰਮਚਾਰੀ ਜਾਂ ਸਿਹਤ ਵਿਭਾਗ ਨਾਲ ਸੰਪਰਕ ਕਰਕੇ ਸਹੀ ਜਾਣਕਾਰੀ ਪ੍ਰਾਪਤ ਕਰਨ। ਉਨ੍ਹਾਂ ਕਿਹਾ ਕਿ ਆ� ਅਸੀਂ ਸਾਰੇ ਅਫ਼ਵਾਹਾਂ ਨਹੀਂ, ਸਗੋਂ ਵਿਗਿਆਨਕ ਤੱਥਾਂ ‘ਤੇ ਭਰੋਸਾ ਕਰੀਏ ਅਤੇ ਐਚ.ਪੀ.ਵੀ. ਵੈਕਸੀਨੇਸ਼ਨ ਬਾਰੇ ਸਹੀ ਜਾਣਕਾਰੀ ਅਪਣਾ ਕੇ ਆਪਣੇ ਪਰਿਵਾਰ ਅਤੇ ਸਮਾਜ ਨੂੰ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਸੁਰੱਖਿਅਤ ਬਣਾਉਣ ਵਿਚ ਯੋਗਦਾਨ ਪਾਈਏ।