ਮੋਗਾ, 1 ਜੁਲਾਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਆ ਰਹੇ ਮੀਹਾਂ ਦੇ ਮੌਸਮ ਨੂੰ ਲੈ ਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਅਤੇ ਸਾਬਕਾ ਚੇਅਰਮੈਨ ਪਰਮਪਾਲ ਸਿੰਘ ਤਖ਼ਤੂਪੁਰਾ ਨੇ ਅੱਜ ਮੋਗਾ ਸ਼ਹਿਰ ਨਾਲ ਲੰਘਦੀ ਪਿੰਡ ਬੁੱਘੀਪੁਰਾ ਕੋਲ ਮੁੱਖ ਡਰੇਨ ਦਾ ਦੌਰਾ ਕੀਤਾ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਰਮਪਾਲ ਸਿੰਘ ਤਖ਼ਤੂਪੁਰਾ ਨੇ ਕਿਹਾ ਕਿ ਵੇਖਿਆ ਗਿਆ ਕਿ ਡਰੇਨ ਦਾ ਬਹੁਤ ਬੁਰਾ ਹਾਲ ਹੈ। ਇੱਥੋਂ ਤੱਕ ਕਿ ਸਾਰੀ ਡਰੇਨ ਕੱਖ ਫੂਸ ਨਾਲ ਭਰੀ ਪਈ ਹੈ ਅਤੇ ਪਿਛਲੇ ਸਾਲ ਵੀ ਸਰਕਾਰ ਵਲੋਂ ਇਸ ਦੀ ਸਫ਼ਾਈ ਨਾ ਹੋਣ ਕਾਰਨ ਇਹ ਡਰੇਨ ਟੁੱਟ ਗਈ ਸੀ ਅਤੇ ਇਸ ਦੇ ਪਾਣੀ ਨੇ ਕਿਸਾਨਾਂ ਦੀ ਝੋਨੇ ਦੀ ਫ਼ਸਲ ਤਬਾਹ ਕਰ ਦਿੱਤੀ ਸੀ ਅਤੇ ਇਸ ਦਾ ਪਾਣੀ ਬੁੱਘੀਪੁਰਾ ਦੇ ਸਬ ਪਾਵਰ ਗਰਿੱਡ ਵਿਚ ਵੀ ਚਲਿਆ ਗਿਆ ਸੀ ਅਤੇ ਕਈ ਦਿਨ ਬਿਜਲੀ ਵੀ ਗੁੱਲ ਹੋ ਗਈ ਸੀ ਅਤੇ ਮੋਗਾ ਸ਼ਹਿਰ ਦੇ ਨਾਲ ਲੱਗਦੇ ਵਾਰਡਾਂ ਵਿਚ ਵੀ ਪਾਣੀ ਭਰ ਗਿਆ ਸੀ ਜਿਸ ਨਾਲ ਲੋਕਾਂ ਨੂੰ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ ਤੇ ਹੁਣ ਵੀ ਬਰਸਾਤਾਂ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ ਅਤੇ ਸਰਕਾਰ ਦਾ ਇਸ ਦੀ ਸਫ਼ਾਈ ਵੱਲ ਕੋਈ ਧਿਆਨ ਨਹੀਂ ਅਤੇ ਸਬੰਧਿਤ ਵਿਭਾਗ ਵੀ ਜਾਂ ਤਾਂ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ ਜਾਂ ਫਿਰ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ ਕਿਉਂਕਿ ਪਿਛਲੇ ਸਾਲ ਇਸੇ ਡਰੇਨ ਨੇ ਇਕ ਨੌਜਵਾਨ ਦੀ ਜਾਨ ਵੀ ਲੈ ਲਈ ਸੀ। ਉਨ੍ਹਾਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਜ਼ੋਰਦਾਰ ਮੰਗ ਕੀਤੀ ਕਿ ਉਕਤ ਡਰੇਨ ਦੀ ਸਫ਼ਾਈ ਕਰਵਾਈ ਜਾਵੇ ਅਤੇ ਉਸ ਦਾ ਮੁਆਇਨਾ ਕਰ ਕੇ ਜਿਸ ਜਗ੍ਹਾ ਉਸ ਦੀ ਖਸਤਾ ਹਾਲਤ ਹੈ ਉਸ ਜਗ੍ਹਾ ਤੋਂ ਠੀਕ ਕੀਤੀ ਜਾਵੇ ਤਾਂ ਕਿ ਪੈਦਾ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ।
ਕਾਂਗਰਸੀ ਆਗੂ ਪਰਮਪਾਲ ਸਿੰਘ ਤਖ਼ਤੂਪੁਰਾ ਨੇ ਕੀਤਾ ਮੋਗਾ ਸ਼ਹਿਰ ਨਾਲ ਲੱਗਦੀ ਡਰੇਨ ਦਾ ਦੌਰਾ
ਅਜੀਤ ਡੈਸਕ
02-07-2026