ਮੋਗਾ, 4 ਜੁਲਾਈ (ਸੁਰਿੰਦਰਪਾਲ ਸਿੰਘ)-ਡਾ. ਸੈਫੂਦੀਨ ਕਿਚਲੂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੋਗਾ ਦੇ 13 ਵਿਦਿਆਰਥੀਆਂ ਨੇ ਸਾਇੰਸ ਓਲੰਪਿਆਡ ਵਿਚ ਇੰਟਰਨੈਸ਼ਨਲ, ਨੈਸ਼ਨਲ ਅਤੇ ਜ਼ੋਨਲ ਪੱਧਰ ‘ਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ, ਚਾਂਦੀ ਤੇ ਕਾਂਸੀ ਮੈਡਲਾਂ ਦੇ ਨਾਲ ਨਗਦ ਇਨਾਮ ਜਿੱਤ ਕੇ ਸਕੂਲ, ਆਪਣੇ ਮਾਪਿਆਂ ਅਤੇ ਮੋਗਾ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ। ਇਸ ਪ੍ਰਾਪਤੀ ਨਾਲ ਸਕੂਲ ਵਿਚ ਖ਼ੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ। ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਸ਼੍ਰੇਣੀਆਂ ਵਿਚ ਸ਼ਾਨਦਾਰ ਰੈਂਕ ਹਾਸਲ ਕਰ ਕੇ ਇਹ ਸਾਬਤ ਕੀਤਾ ਕਿ ਕਿਚਲੂ ਸਕੂਲ ਦੇ ਵਿਦਿਆਰਥੀ ਸਿਰਫ਼ ਬੋਰਡ ਪ੍ਰੀਖਿਆਵਾਂ ਵਿਚ ਹੀ ਨਹੀਂ, ਸਗੋਂ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਦੀਆਂ ਮੁਕਾਬਲਾ ਪ੍ਰੀਖਿਆਵਾਂ ਵਿਚ ਵੀ ਆਪਣੀ ਯੋਗਤਾ ਦਾ ਲੋਹਾ ਮਨਵਾ ਰਹੇ ਹਨ। ਇਸ ਮੌਕੇ ਤੀਜੀ ਕਲਾਸ ਦੇ ਅਰਮਾਨ ਸਿੰਘ, ਪੰਜਵੀਂ ਕਲਾਸ ਦੇ ਹਰਲੀਵ ਸਿੰਘ ਧਾਲੀਵਾਲ, ਇਸ਼ਾਨਾ ਪ੍ਰਕਾਸ਼, ਦੂਜੀ ਕਲਾਸ ਦੀ ਸਮਾਇਰਾ, ਤੀਜੀ ਕਲਾਸ ਦੇ ਜੋਬਨ ਸਿੰਘ ਸਿੱਧੂ, ਸਹਿਜ ਸਿੰਘ ਸਿੱਧੂ, ਦੂਜੀ ਕਲਾਸ ਦੀ ਤਨਵੀਰ, ਗੁਰਕੀਰਤ ਕੌਰ, ਗੁਨੀਤ ਕੌਰ, ਛੇਵੀਂ ਕਲਾਸ ਦੇ ਅਨਿਕੇਤ ਗੋਇਲ, ਤੀਜੀ ਕਲਾਸ ਦੀ ਗਿਰਿਸ਼ਾ ਅਗਰਵਾਲ, ਏਸ਼ਵੀਰ ਕੌਰ, ਜਸਮਯ ਕੌਰ ਅਤੇ ਚੌਥੀ ਕਲਾਸ ਦੇ ਦਕਸ਼ ਗੁਪਤਾ ਨੇ ਵਧੀਆ ਰੈਂਕ ਹਾਸਲ ਕੀਤੇ। ਇਨ੍ਹਾਂ ਵਿਦਿਆਰਥੀਆਂ ਨੂੰ 3 ਸੋਨ, 5 ਚਾਂਦੀ ਅਤੇ 5 ਕਾਂਸੀ ਮੈਡਲਾਂ ਦੇ ਨਾਲ ਸਨਮਾਨ ਪੱਤਰ ਅਤੇ ਨਗਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਚੇਅਰਮੈਨ ਐਡਵੋਕੇਟ ਸੁਨੀਲ ਗਰਗ ਨੇ ਕਿਹਾ ਕਿ “ਪ੍ਰਤਿਭਾ ਤਦ ਹੀ ਨਿੱਖਰਦੀ ਹੈ ਜਦੋਂ ਉਸ ਨੂੰ ਸਹੀ ਦਿਸ਼ਾ, ਯੋਗ ਮਾਰਗ-ਦਰਸ਼ਨ ਅਤੇ ਵਧੀਆ ਮੌਕੇ ਮਿਲਦੇ ਹਨ। ਸਕੂਲ ਦਾ ਮਕਸਦ ਸਿਰਫ਼ ਵਿਦਿਆਰਥੀਆਂ ਨੂੰ ਅੰਕ ਦਿਵਾਉਣਾ ਨਹੀਂ, ਸਗੋਂ ਉਨ੍ਹਾਂ ਨੂੰ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਦੇ ਮੁਕਾਬਲੇ ਲਈ ਤਿਆਰ ਕਰਨਾ ਹੈ।” ਸਕੂਲ ਦੀ ਡਾਇਰੈਕਟਰ ਸੁਨੀਤਾ ਰਾਣੀ ਗਰਗ ਨੇ ਕਿਹਾ ਕਿ ਓਲੰਪਿਆਡ ਵਰਗੀਆਂ ਪ੍ਰਤੀਯੋਗਤਾਵਾਂ ਬੱਚਿਆਂ ਵਿਚ ਵਿਗਿਆਨਕ ਸੋਚ, ਤਰਕਸ਼ੀਲ ਵਿਚਾਰਧਾਰਾ, ਵਿਸ਼ਲੇਸ਼ਣ ਯੋਗਤਾ ਅਤੇ ਆਤਮ ਵਿਸ਼ਵਾਸ ਦਾ ਵਿਕਾਸ ਕਰਦੀਆਂ ਹਨ। ਚੇਅਰਮੈਨ ਸੁਨੀਲ ਗਰਗ ਨੇ ਦੱਸਿਆ ਕਿ ਡਾ. ਸੈਫੂਦੀਨ ਕਿਚਲੂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਿਛਲੇ 37 ਸਾਲਾਂ ਤੋਂ ਉੱਤਮ ਸਿੱਖਿਆ ਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਸਮਰਪਿਤ ਹੈ। ਸਮਾਰੋਹ ਦੇ ਅੰਤ ਵਿਚ ਸਾਰੇ ਜੇਤੂ ਵਿਦਿਆਰਥੀਆਂ ਨੂੰ ਮੈਡਲ, ਸਰਟੀਫਿਕੇਟ ਅਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
ਡਾ. ਸੈਫੂਦੀਨ ਕਿਚਲੂ ਪਬਲਿਕ ਸਕੂਲ ਦੇ 13 ਵਿਦਿਆਰਥੀਆਂ ਨੇ ਸਾਇੰਸ ਓਲੰਪਿਆਡ ਵਿਚ ਲਹਿਰਾਇਆ ਪਰਚਮ
ਅਜੀਤ ਡੈਸਕ
05-07-2026