ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਕਲਗ਼ੀਧਰ ਟਰੱਸਟ ਬੜੂ ਸਾਹਿਬ ਵਲੋਂ ਮਹਾਨ ਤਪਸਵੀ ਸੰਤ ਬਾਬਾ ਤੇਜਾ ਸਿੰਘ ਦੀ 61ਵੀਂ ਸਾਲਾਨਾ ਬਰਸੀ ਮੌਕੇ ਤਿੰਨ ਰੋਜ਼ਾ ਵਿਸ਼ਾਲ ਗੁਰਮਤਿ ਸਮਾਗਮ

Ad Position 21
No active advertisement
ਅਜੀਤ ਡੈਸਕ 05-07-2026
ਮੋਗਾ, 4 ਜੁਲਾਈ (ਸੁਰਿੰਦਰਪਾਲ ਸਿੰਘ)-ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਮਹਾਨ ਤਪਸਵੀ, ਰਾਜਯੋਗੀ, ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੇ ਵਰੋਸਾਏ 20ਵੀਂ ਸਦੀ ਦੇ ਮਹਾਨ ਧਾਰਮਿਕ ਸਿੱਖ ਵਿਦਵਾਨ, ਰਾਜਯੋਗੀ, ਬਾਣੀ-ਬਾਣੇ ਦੇ ਧਾਰਨੀ ਅਤੇ ਬੜੂ ਸਾਹਿਬ ਦੇ ਸੰਸਥਾਪਕ ਸੰਤ ਬਾਬਾ ਤੇਜਾ ਸਿੰਘ ਦੀ 61ਵੀਂ ਸਾਲਾਨਾ ਬਰਸੀ ਮੌਕੇ ਗੁਰਦੁਆਰਾ ਬੜੂ ਸਾਹਿਬ ਵਿਖੇ ਕਰਵਾਇਆ ਗਿਆ ਤਿੰਨ ਰੋਜ਼ਾ ਵਿਸ਼ਾਲ ਗੁਰਮਤਿ ਸਮਾਗਮ ਬੜੀ ਸ਼ਰਧਾ, ਪ੍ਰੇਮ ਅਤੇ ਰੂਹਾਨੀ ਚੇਤਨਾ ਨਾਲ ਸਮਾਪਤ ਹੋਇਆ। ਸਮਾਗਮ ਦੌਰਾਨ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਗੁਰਬਾਣੀ ਕੀਰਤਨ, ਕਥਾ ਅਤੇ ਗੁਰਮਤਿ ਵਿਚਾਰਾਂ ਦਾ ਅਨੰਦ ਮਾਣਿਆ। ਸਮਾਗਮ ਦੇ ਪਹਿਲੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਉਪਰੰਤ ਵਾਹਿਗੁਰੂ ਗੁਰਮੰਤਰ ਦਾ ਜਾਪ, ਨਿਤਨੇਮ, ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਆਸਾ ਦੀ ਵਾਰ ਦਾ ਕੀਰਤਨ ਕੀਤਾ ਗਿਆ। ਇਸ ਤੋਂ ਇਲਾਵਾ ਪੁਰਾਤਨ ਆਰੰਭਕ ਗੁਰਦੁਆਰਾ ਸਾਹਿਬ, ਗੁਰਦੁਆਰਾ ਅੰਗੀਠਾ ਸਾਹਿਬ (ਸੰਤ ਬਾਬਾ ਇਕਬਾਲ ਸਿੰਘ) ਅਤੇ ਸੰਤ ਕੁਟੀਆ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕੀਤੇ ਗਏ। ਤਿੰਨਾਂ ਦਿਨਾਂ ਦੌਰਾਨ ਸਵੇਰ ਅਤੇ ਸ਼ਾਮ ਦੇ ਧਾਰਮਿਕ ਦੀਵਾਨ ਸਜੇ, ਜਿਨ੍ਹਾਂ ਵਿਚ ਪ੍ਰਸਿੱਧ ਰਾਗੀ ਜਥਿਆਂ ਅਤੇ ਕਥਾਵਾਚਕਾਂ ਨੇ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਦੂਜੇ ਦਿਨ 101 ਸ੍ਰੀ ਸਹਿਜ ਪਾਠਾਂ ਦੇ ਭੋਗ ਪਾਏ ਗਏ। ਇਹ ਸੇਵਾ ਦੇਸ਼-ਵਿਦੇਸ਼ ਦੀਆਂ ਸੰਗਤਾਂ, ਵੱਖ-ਵੱਖ ਸੰਗਤਾਂ ਦੇ ਗਰੁੱਪਾਂ ਅਤੇ ਸ਼ਰਧਾਲੂ ਪਰਿਵਾਰਾਂ ਵਲੋਂ ਸ਼ਰਧਾ ਨਾਲ ਨਿਭਾਈ ਗਈ। ਇਸ ਉਪਰੰਤ ਢਾਡੀ ਵਾਰਾਂ, ਸ਼ਬਦ ਕੀਰਤਨ ਅਤੇ ਕਥਾ-ਕੀਰਤਨ ਦੀਵਾਨ ਸਜਾਏ ਗਏ। ਹਰ ਰੋਜ਼ ਸ਼ਾਮ ਸਮੇਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਰਹਿਰਾਸ ਸਾਹਿਬ, ਸ਼ਬਦ ਕੀਰਤਨ ਅਤੇ ਆਰਤੀ ਦਾ ਗਾਇਣ ਵੀ ਕੀਤਾ ਗਿਆ। ਸਮਾਗਮ ਦੇ ਅੰਤਿਮ ਦਿਨ ਪੁਰਾਤਨ ਅਰੰਭਕ ਗੁਰਦੁਆਰਾ ਸਾਹਿਬ, ਗੁਰਦੁਆਰਾ ਅੰਗੀਠਾ ਸਾਹਿਬ (ਸੰਤ ਬਾਬਾ ਇਕਬਾਲ ਸਿੰਘ) ਅਤੇ ਸੰਤ ਕੁਟੀਆ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਅੰਮ੍ਰਿਤ ਸੰਚਾਰ ਕਰਵਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਪ੍ਰੇਮੀਆਂ ਨੇ ਅੰਮ੍ਰਿਤ ਛਕ ਕੇ ਗੁਰਸਿੱਖ ਜੀਵਨ ਅਪਣਾਉਣ ਦਾ ਸੁਭਾਗ ਪ੍ਰਾਪਤ ਕੀਤਾ। ਸਮਾਗਮ ਦੌਰਾਨ ਭਾਈ ਹਰਜੋਤ ਸਿੰਘ ਜਖ਼ਮੀ, ਭਾਈ ਜਗਜੀਤ ਸਿੰਘ ਬੰਬੀਹਾ, ਸੰਤ ਬਾਬਾ ਹਰਨੇਕ ਸਿੰਘ ਲੰਗਰਾਂ ਵਾਲੇ ਅਤੇ ਸੰਤ ਬਾਬਾ ਭੋਲਾ ਸਿੰਘ ਰਤਵਾੜਾ ਸਾਹਿਬ ਵਾਲੇ ਸਮੇਤ ਹੋਰ ਪ੍ਰਸਿੱਧ ਰਾਗੀ ਜਥਿਆਂ ਅਤੇ ਕਥਾ ਵਾਚਕਾਂ ਨੇ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਸਮਾਗਮ ਦੀ ਸਮਾਪਤੀ ਸਮੇਂ ਕਲਗ਼ੀਧਰ ਟਰੱਸਟ, ਬੜੂ ਸਾਹਿਬ ਦੇ ਮੁੱਖ ਸੇਵਾਦਾਰ ਡਾ. ਦਵਿੰਦਰ ਸਿੰਘ ਨੇ ਸੰਗਤਾਂ ਨਾਲ ਗੁਰਮਤਿ ਦੀ ਸਾਂਝ ਪਾਉਂਦਿਆਂ ਕਿਹਾ ਕਿ ਸੰਤ ਬਾਬਾ ਤੇਜਾ ਸਿੰਘ ਦਾ ਸਮੁੱਚਾ ਜੀਵਨ ਨਾਮ ਸਿਮਰਨ, ਸੇਵਾ, ਗੁਰਮਤਿ ਪ੍ਰਚਾਰ ਅਤੇ ਮਨੁੱਖਤਾ ਦੀ ਭਲਾਈ ਲਈ ਸਮਰਪਿਤ ਰਿਹਾ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਆਧੁਨਿਕ ਸਿੱਖਿਆ ਦੇ ਨਾਲ-ਨਾਲ ਗੁਰਬਾਣੀ ਅਨੁਸਾਰ ਜੀਵਨ ਜਿਊਣਾ ਬਹੁਤ ਜ਼ਰੂਰੀ ਹੈ। ਇਸੇ ਮਹਾਨ ਸੋਚ ਨੂੰ ਅੱਗੇ ਵਧਾਉਂਦਿਆਂ ਕਲਗੀਧਰ ਟਰੱਸਟ ਅਧੀਨ ਚੱਲ ਰਹੀਆਂ ਅਕਾਲ ਅਕੈਡਮੀਆਂ ਵਿਚ ਵਿਦਿਆਰਥੀਆਂ ਨੂੰ ਆਧੁਨਿਕ ਸਿੱਖਿਆ ਦੇ ਨਾਲ-ਨਾਲ ਨਾਮ ਬਾਣੀ ਅਤੇ ਉੱਚੇ ਨੈਤਿਕ ਸੰਸਕਾਰਾਂ ਨਾਲ ਵੀ ਜੋੜਿਆ ਜਾ ਰਿਹਾ ਹੈ। ਤਿੰਨ ਰੋਜ਼ਾ ਸਮਾਗਮ ਦੌਰਾਨ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਦੇਸ਼-ਵਿਦੇਸ਼ ਤੋਂ ਆਈਆਂ ਸੰਗਤਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ। ਸਮੁੱਚੇ ਸਮਾਗਮ ਦੌਰਾਨ ਗੁਰੂ ਕੇ ਅਤੁੱਟ ਲੰਗਰ ਨਿਰੰਤਰ ਵਰਤਾਏ ਗਏ। ਸਮਾਗਮ ਦੇ ਅੰਤ ਵਿਚ ਕਲਗੀਧਰ ਟਰੱਸਟ ਵਲੋਂ ਸਮੂਹ ਸੰਗਤਾਂ, ਸੇਵਾਦਾਰਾਂ, ਰਾਗੀ ਜਥਿਆਂ ਅਤੇ ਸਮਾਗਮ ਨੂੰ ਸਫਲ ਬਣਾਉਣ ਵਿਚ ਯੋਗਦਾਨ ਪਾਉਣ ਵਾਲੇ ਹਰ ਵਿਅਕਤੀ ਦਾ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਹੋਲੀ ਹਾਰਟ ਸਕੂਲ ਵਿਖੇ ਗਰਮੀ ਤੋਂ ਬਚਾਅ ਲਈ ਸੈਮੀਨਾਰ ਅਗਲੀ ਖ਼ਬਰ 6 ਜੁਲਾਈ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਨੂੰ ਸ਼੍ਰੋਮਣੀ ਅਕਾਲੀ ਦਲ (ਬ) ਦੇ ਕੌਂਸਲਰਾਂ ਨੇ ਵੀ ਦਿੱਤ...
Ad Position 24
No active advertisement