ਧਰਮਕੋਟ, 11 ਜੁਲਾਈ (ਪਰਮਜੀਤ ਸਿੰਘ)-ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਅਤੇ ਮਿਸ਼ਨ 2027 ਦੀਆਂ ਤਿਆਰੀਆਂ ਨੂੰ ਜ਼ਮੀਨੀ ਪੱਧਰ ਉੱਪਰ ਹੋਰ ਤੇਜ਼ ਕਰਨ ਦੇ ਮਕਸਦ ਨਾਲ ਹਲਕਾ ਧਰਮਕੋਟ ਦੇ ਵੱਖ-ਵੱਖ ਵਿੰਗਾਂ ਦੇ ਹਲਕਾ ਪ੍ਰਧਾਨਾਂ ਅਤੇ ਸਰਕਲ ਪ੍ਰਧਾਨਾਂ ਦੀਆਂ ਨਿਯੁਕਤੀਆਂ ਦਾ ਐਲਾਨ ਕੀਤਾ ਗਿਆ। ਇਸ ਸਬੰਧੀ ਹਲਕਾ ਧਰਮਕੋਟ ਦੇ ਅਹੁਦੇਦਾਰਾਂ ਅਤੇ ਵਰਕਰਾਂ ਦੀ ਅਹਿਮ ਇਕੱਤਰਤਾ ਹੋਈ| ਜਿਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਹਲਕਾ ਧਰਮਕੋਟ ਦੇ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਅਤੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਵਲੋਂ ਨਵੀਆਂ ਨਿਯੁਕਤੀਆਂ ਦਾ ਬਾਕਾਇਦਾ ਐਲਾਨ ਕੀਤਾ ਗਿਆ। ਇਸ ਮੌਕੇ ਪਰਮਿੰਦਰ ਸਿੰਘ ਨਸੀਰੇਵਾਲਾ ਨੂੰ ਯੂਥ ਵਿੰਗ ਦਾ ਹਲਕਾ ਪ੍ਰਧਾਨ, ਜੋਗਿੰਦਰ ਸਿੰਘ ਕੋਟ ਸਦਰ ਖਾਂ ਨੂੰ ਵਪਾਰੀ ਵਿੰਗ ਦਾ ਹਲਕਾ ਪ੍ਰਧਾਨ, ਅਮਰਜੀਤ ਸਿੰਘ ਖਾਲਸਾ ਨੂੰ ਬੀ.ਸੀ. ਵਿੰਗ ਦਾ ਹਲਕਾ ਪ੍ਰਧਾਨ, ਬੀਬੀ ਜਗਦੀਪ ਕੌਰ ਨੂੰ ਇਸਤਰੀ ਵਿੰਗ ਦਾ ਹਲਕਾ ਪ੍ਰਧਾਨ ਅਤੇ ਮਾਸਟਰ ਸੁਖਮਿੰਦਰ ਸਿੰਘ ਨੂੰ ਐਸ.ਸੀ. ਵਿੰਗ ਦਾ ਹਲਕਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਪਾਰਟੀ ਦੇ ਵੱਖ-ਵੱਖ ਸਰਕਲਾਂ ਵਿਚ ਵੀ ਸਰਕਲ ਪ੍ਰਧਾਨਾਂ ਦੀਆਂ ਨਿਯੁਕਤੀਆਂ ਕਰਕੇ ਜਥੇਬੰਦਕ ਢਾਂਚੇ ਨੂੰ ਹੋਰ ਸਰਗਰਮ ਅਤੇ ਮਜ਼ਬੂਤ ਕਰਨ ਦੀ ਕਵਾਇਦ ਨੂੰ ਅੱਗੇ ਵਧਾਇਆ ਗਿਆ। ਇਸ ਮੌਕੇ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਕ ਮਜ਼ਬੂਤ ਜਥੇਬੰਦਕ ਬੁਨਿਆਦ ਅਤੇ ਕੁਰਬਾਨੀਆਂ ਭਰੇ ਇਤਿਹਾਸ ਵਾਲੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੀ ਅਸਲ ਤਾਕਤ ਇਸ ਦੇ ਵਫਾਦਾਰ ਵਰਕਰ ਹਨ ਜਿਨ੍ਹਾਂ ਨੇ ਹਰ ਮੁਸ਼ਕਲ ਅਤੇ ਦੁਸ਼ਵਾਰ ਦੌਰ ਵਿਚ ਪਾਰਟੀ ਦਾ ਝੰਡਾ ਬੁਲੰਦ ਰੱਖਿਆ ਹੈ। ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਨੇ ਕਿਹਾ ਕਿ ਪਾਰਟੀ ਵਲੋਂ ਮਿਹਨਤੀ ਤੇ ਵਫਾਦਾਰ ਵਰਕਰਾਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਯੂਥ ਵਿੰਗ, ਐਸ.ਸੀ. ਵਿੰਗ, ਬੀ.ਸੀ. ਵਿੰਗ, ਵਪਾਰੀ ਵਿੰਗ ਅਤੇ ਇਸਤਰੀ ਵਿੰਗ ਪਾਰਟੀ ਦੇ ਜਥੇਬੰਦਕ ਢਾਂਚੇ ਦੇ ਅਹਿਮ ਸਤੰਭ ਹਨ। ਬਰਜਿੰਦਰ ਸਿੰਘ ਮੱਖਣ ਬਰਾੜ ਅਤੇ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਹਲਕਾ ਧਰਮਕੋਟ ਵਿਚ ਪਾਰਟੀ ਦੀਆਂ ਸਰਗਰਮੀਆਂ ਨੂੰ ਹੋਰ ਤੇਜ਼ ਕੀਤਾ ਜਾਵੇਗਾ| ਨਵ-ਨਿਯੁਕਤ ਅਹੁਦੇਦਾਰਾਂ ਨੇ ਪਾਰਟੀ ਲੀਡਰਸ਼ਿਪ, ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਅਤੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਿਭਾਉਣਗੇ|
ਸ਼੍ਰੋਮਣੀ ਅਕਾਲੀ ਦਲ (ਬ) ਨੇ ਹਲਕਾ ਧਰਮਕੋਟ ਦੇ ਵੱਖ-ਵੱਖ ਵਿੰਗਾਂ ਦੇ ਪ੍ਰਧਾਨਾਂ ਦਾ ਕੀਤਾ ਐਲਾਨ
ਅਜੀਤ ਡੈਸਕ
12-07-2026