ਲੋਕ ਜਨਸ਼ਕਤੀ ਪਾਰਟੀ ਨੇ ਨਾਜਾਇਜ਼ ਕਬਜ਼ੇ ਛਡਵਾਉਣ ਸੰਬੰਧੀ ਉਪ ਮੰਡਲ ਮੈਜਿਸਟ੍ਰੇਟ ਨੂੰ ਦਿੱਤਾ ਮੰਗ ਪੱਤਰ
ਬਾਘਾ ਪੁਰਾਣਾ, 14 ਜੁਲਾਈ (ਗੁਰਮੀਤ ਸਿੰਘ ਮਾਣੂੰਕੇ)- ਬਾਘਾ ਪੁਰਾਣਾ ਸ਼ਹਿਰ ਅੰਦਰ ਪ੍ਰਵਾਸੀ ਲੋਕਾਂ ਵਲੋਂ ਵੱਡੇ ਪੱਧਰ ’ਤੇ ਰੇਹੜੀ-ਫੜ੍ਹੀ ਲਗਾ ਕੇ ਕੀਤੇ ਜਾਂਦੇ ਨਜਾਇਜ਼ ਕਬਜ਼ਿਆਂ ਨੂੰ ਲੈ ਕੇ ਲੋਕ ਜਨ ਸ਼ਕਤੀ ਪਾਰਟੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਨਿਰਮਲ ਸਿੰਘ ਰਾਜੇਆਣਾ ਵਲੋਂ ਉਪ ਮੰਡਲ ਮੈਜਿਸਟ੍ਰੇਟ ਬਾਘਾ ਪੁਰਾਣਾ ਨੂੰ ਨਜਾਇਜ਼ ਕਬਜ਼ੇ ਛਡਵਾਉਣ ਸਬੰਧੀ ਮੰਗ ਪੱਤਰ ਦਿੱਤਾ ਗਿਆ| ਇਸ ਮੌਕੇ ਪ੍ਰਧਾਨ ਨਿਰਮਲ ਸਿੰਘ ਰਾਜੇਆਣਾ ਨੇ ਦੱਸਿਆ ਕਿ ਬਾਘਾ ਪੁਰਾਣਾ ਸ਼ਹਿਰ ਕੋਟਕਪੂਰਾ-ਮੋਗਾ ਰੋਡ ’ਤੇ ਸਥਿਤ ਹੋਣ ਕਾਰਨ ਅਕਸਰ ਟਰੈਫਿਕ ਰਹਿੰਦਾ ਹੈ ਪਰ ਜ਼ਿਆਦਾਤਰ ਸ਼ਹਿਰ ਅੰਦਰ ਪ੍ਰਵਾਸੀ ਲੋਕਾਂ ਵਲੋਂ ਸੜਕ ਕਿਨਾਰੇ ਕੀਤੇ ਨਜਾਇਜ਼ ਕਬਜ਼ਿਆਂ ਕਾਰਨ ਸ਼ਹਿਰ ਅੰਦਰ ਵੱਡੇ ਪੱਧਰ ਟਰੈਫਿਕ ਦੀ ਸਮੱਸਿਆ ਬਣੀ ਰਹਿੰਦੀ ਹੈ| ਇਸ ਟਰੈਫਿਕ ਕਾਰਨ ਸ਼ਹਿਰ ਅੰਦਰੋਂ ਦੀ ਦੂਰ-ਦੁਰਾਡੇ ਨੂੰ ਲੰਘਣ ਵਾਲੇ ਰਾਹਗੀਰ ਅਕਸਰ 15-20 ਮਿੰਟ ਜਾਮ ’ਚ ਫਸ ਜਾਂਦੇ ਹਨ ਜਿਸ ਦਾ ਮੁੱਖ ਕਾਰਨ ਸੜਕ ਕਿਨਾਰੇ ਖੜ੍ਹੇ ਰੇਹੜੀਆਂ-ਫੜ੍ਹੀਆਂ ਵਾਲੇ ਹਨ ਪਰ ਸਥਾਨਕ ਪ੍ਰਸ਼ਾਸਨ ਵਲੋਂ ਇਨ੍ਹਾਂ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਨਹੀਂ ਹੋ ਰਹੀ ਜਿਸ ਦੇ ਚੱਲਦਿਆਂ ਲੋਕ ਜਨ ਸ਼ਕਤੀ ਪਾਰਟੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਨਿਰਮਲ ਸਿੰਘ ਰਾਜੇਆਣਾ ਵਲੋਂ ਉਪ ਮੰਡਲ ਮੈਜਿਸਟ੍ਰੇਟ ਬਾਘਾ ਪੁਰਾਣਾ ਨੂੰ ਸ਼ਹਿਰ ਅੰਦਰੋਂ ਨਜਾਇਜ਼ ਕਬਜ਼ੇ ਛਡਵਾਉਣ ਸਬੰਧੀ ਮੰਗ ਪੱਤਰ ਦਿੱਤਾ ਗਿਆ| ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਟਰੈਫਿਕ ’ਚ ਵਿਘਨ ਪਾਉਂਦੇ ਉਕਤ ਰੇਹੜੀਆਂ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ| ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀ ਮੰਗ ਵੱਲ ਧਿਆਨ ਨਾ ਦਿੱਤਾ ਤਾਂ ਪਾਰਟੀ ਵਲੋਂ ਹੋਰ ਜਥੇਬੰਦੀ ਦੇ ਸਹਿਯੋਗ ਨਾਲ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ| ਇਸ ਸਮੇਂ ਜਥੇਦਾਰ ਜੋਗਾ ਸਿੰਘ, ਸੁਖਦੇਵ ਸਿੰਘ ਸਮਾਲਸਰ, ਜਥੇਦਾਰ ਕਾਲਾ ਸਿੰਘ ਜਲਾਲਾਬਾਦ ਆਦਿ ਹਾਜ਼ਰ ਸਨ|