02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਮੋਗਾ ਦੀਆਂ ਧੀਆਂ ਅਤੇ ਨਸ਼ਾ ਪੀੜਤਾਂ ਦੀਆਂ ਪਤਨੀਆਂ ਨਾਲ ਵੀ ਮਿਲਣਗੇ ਵਿਜਯਾ ਰਹਾਟਕਰ-ਅਭਿਸ਼ੇਕ ਜਿੰਦਲ

Ad Position 21
No active advertisement
ਅਜੀਤ ਡੈਸਕ 15-07-2026
ਮੋਗਾ, 14 ਜੁਲਾਈ (ਸੁਰਿੰਦਰਪਾਲ ਸਿੰਘ)-ਰਾਸ਼ਟਰੀ ਮਹਿਲਾ ਆਯੋਗ ਦੀ ਚੇਅਰਪਰਸਨ ਸ੍ਰੀਮਤੀ ਵਿਜਯਾ ਰਹਾਟਕਰ ਮੋਗਾ ਦੌਰੇ ਦੌਰਾਨ ਕਾਲਜ ਦੀਆਂ ਵਿਦਿਆਰਥਣਾਂ ਨਾਲ ਵੀ ਰੂਬਰੂ ਹੋਣਗੇ। ਉਹ ਵਿਦਿਆਰਥਣਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਲੈਣਗੇ ਅਤੇ ਮਹਿਲਾਵਾਂ ਨਾਲ ਸੰਬੰਧਿਤ ਕਾਨੂੰਨਾਂ ਅਤੇ ਉਨ੍ਹਾਂ ਦੇ ਅਧਿਕਾਰਾਂ ਬਾਰੇ ਜਾਗਰੂਕ ਕਰਨਗੇ। ਐਸ.ਐਫ.ਸੀ. ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਅਭਿਸ਼ੇਕ ਜਿੰਦਲ ਨੇ ਦੱਸਿਆ ਕਿ ਜਲਾਲਾਬਾਦ ਸਥਿਤ ਐਸ.ਐਫ.ਸੀ. ਇੰਸਟੀਚਿਊਸ਼ਨਜ਼ ਵਿਚ ਅੱਜ ਮਿਤੀ 15 ਜੁਲਾਈ ਨੂੰ ਸਵੇਰੇ 10 ਵਜੇ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਨਾਲ ਰਾਸ਼ਟਰੀ ਮਹਿਲਾ ਆਯੋਗ ਦੀ ਚੇਅਰਪਰਸਨ ਸ੍ਰੀਮਤੀ ਵਿਜਯਾ ਰਹਾਟਕਰ ਵਿਸ਼ੇਸ਼ ਮੁਲਾਕਾਤ ਕਰਨਗੇ। ਇਸ ਦੌਰਾਨ ਉਹ ਵਿਦਿਆਰਥਣਾਂ ਨਾਲ ਉਨ੍ਹਾਂ ਦੀ ਸਿੱਖਿਆ ਅਤੇ ਇਕ ਮਹਿਲਾ ਹੋਣ ਦੇ ਨਾਤੇ ਰੋਜ਼ਾਨਾ ਜੀਵਨ ਵਿਚ ਆਉਣ ਵਾਲੀਆਂ ਚੁਨੌਤੀਆਂ ਅਤੇ ਮੁਸ਼ਕਲਾਂ ਬਾਰੇ ਵਿਚਾਰ-ਵਟਾਂਦਰਾ ਕਰਨਗੇ, ਨਾਲ ਹੀ ਉਨ੍ਹਾਂ ਨੂੰ ਮਹਿਲਾਵਾਂ ਦੇ ਕਾਨੂੰਨੀ ਅਧਿਕਾਰਾਂ ਅਤੇ ਸੁਰੱਖਿਆ ਨਾਲ ਸੰਬੰਧਿਤ ਜਾਣਕਾਰੀ ਦਿੱਤੀ ਜਾਵੇਗੀ, ਤਾਂ ਜੋ ਉਹ ਕਿਸੇ ਵੀ ਗ਼ੈਰਕਾਨੂੰਨੀ, ਅਣਚਾਹੀ ਜਾਂ ਗਲਤ ਗਤੀਵਿਧੀ ਦਾ ਡਟ ਕੇ ਵਿਰੋਧ ਕਰ ਸਕਣ। ਕਾਲਜ ਵਿਚ ਕਰੀਬ ਦੋ ਘੰਟਿਆਂ ਦੇ ਇਸ ਵਿਸ਼ੇਸ਼ ਸੈਸ਼ਨ ਦਾ ਨਾਮ ‘’ਯਸ਼ੋਦਾ ਏ ਆਈ’’ ਰੱਖਿਆ ਗਿਆ ਹੈ। ਪ੍ਰੋਗਰਾਮ ਦੀ ਪ੍ਰਧਾਨਗੀ ਐਸ.ਐਫ.ਸੀ. ਗਰੁੱਪ ਦੇ ਚੇਅਰਮੈਨ ਅਭਿਸ਼ੇਕ ਜਿੰਦਲ ਕਰਨਗੇ। ਇਸ ਮੌਕੇ ਸਕੂਲ ਅਤੇ ਕਾਲਜ ਦੇ ਸਮੂਹ ਅਧਿਆਪਕਾਂ ਦੇ ਨਾਲ-ਨਾਲ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵੀ ਹਾਜ਼ਰ ਰਹਿਣਗੀਆਂ। ਅਭਿਸ਼ੇਕ ਜਿੰਦਲ ਨੇ ਦੱਸਿਆ ਕਿ ਵਿਦਿਆਰਥਣਾਂ ਨਾਲ ਮੁਲਾਕਾਤ ਤੋਂ ਬਾਅਦ ਰਾਸ਼ਟਰੀ ਮਹਿਲਾ ਆਯੋਗ ਦੀ ਚੇਅਰਪਰਸਨ ਨਸ਼ਾ ਪੀੜਤ ਵਿਅਕਤੀਆਂ ਦੀਆਂ ਪਤਨੀਆਂ ਨਾਲ ਵੀ ਮੁਲਾਕਾਤ ਕਰਨਗੇ। ਇਸ ਦੌਰਾਨ ਉਹ ਉਨ੍ਹਾਂ ਦੀਆਂ ਸਮੱਸਿਆਵਾਂ, ਦੁੱਖ-ਦਰਦ ਅਤੇ ਪਰਿਵਾਰਕ ਚੁਨੌਤੀਆਂ ਬਾਰੇ ਜਾਣਕਾਰੀ ਲੈਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਜਿਨ੍ਹਾਂ ਖੇਤਰਾਂ ਵਿਚ ਨਸ਼ੇ ਦੀ ਸਮੱਸਿਆ ਗੰਭੀਰ ਹੈ, ਉਨ੍ਹਾਂ ਵਿਚ ਮੋਗਾ ਅਤੇ ਆਸ-ਪਾਸ ਦੇ ਜ਼ਿਲ੍ਹੇ ਵੀ ਸ਼ਾਮਲ ਹਨ। ਨਸ਼ੇ ਦੀ ਓਵਰ ਡੋਜ਼ ਕਾਰਨ ਹੋਣ ਵਾਲੀਆਂ ਮੌਤਾਂ ਤੋਂ ਇਲਾਵਾ ਕਈ ਨਸ਼ਾ ਪੀੜਤ ਵਿਅਕਤੀ ਸਰੀਰਕ ਤੌਰ ‘ਤੇ ਇੰਨੇ ਕਮਜ਼ੋਰ ਹੋ ਜਾਂਦੇ ਹਨ ਕਿ ਉਹ ਕੋਈ ਵੀ ਕੰਮ ਕਰਨ ਦੇ ਯੋਗ ਨਹੀਂ ਰਹਿੰਦੇ। ਅਜਿਹੀ ਸਥਿਤੀ ਵਿਚ ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਉਨ੍ਹਾਂ ਦੀਆਂ ਪਤਨੀਆਂ ‘ਤੇ ਆ ਜਾਂਦੀ ਹੈ। ਅਭਿਸ਼ੇਕ ਜਿੰਦਲ ਨੇ ਦੱਸਿਆ ਕਿ ਇਸ ਤੋਂ ਬਾਅਦ ਰਾਸ਼ਟਰੀ ਮਹਿਲਾ ਆਯੋਗ ਦੀ ਚੇਅਰਪਰਸਨ ਵਲੋਂ ਨਗਰ ਨਿਗਮ ਦਫ਼ਤਰ ਵਿਚ ਜਨ ਸੁਣਵਾਈ ਵੀ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਲੋਕ ਜਨਸ਼ਕਤੀ ਪਾਰਟੀ ਨੇ ਨਾਜਾਇਜ਼ ਕਬਜ਼ੇ ਛਡਵਾਉਣ ਸੰਬੰਧੀ ਉਪ ਮੰਡਲ ਮੈਜਿਸਟ੍ਰੇਟ ਨੂੰ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਮੱਸਿਆ ਦਾ ਦਿਹਾੜਾ ਮਨਾਇਆ
Ad Position 24
No active advertisement