ਨੱਥੂਵਾਲਾ ਗਰਬੀ, 16 ਜੁਲਾਈ (ਨਵਦੀਪ ਸਿੰਘ)-ਬੀਤੇ ਕੱਲ੍ਹ ਸ਼ਾਮ ਨੂੰ ਪਿੰਡ ਭੇਖਾ ਦੇ ਗੁਰਦੁਆਰਾ ਗੁਰੂਸਰ ਸਾਹਿਬ ਵਿਖੇ ਸ਼ਾਟ ਸਰਕਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਗ੍ਰੰਥੀ ਕੁਲਦੀਪ ਸਿੰਘ ਨੇ ਦੱਸਿਆ ਕਿ ਏਅਰ ਕੰਡੀਸ਼ਨਰ ਦੇ ਚੱਲਦੇ-ਚੱਲਦੇ ਉਸ ਨੂੰ ਅੱਗ ਪੈ ਗਈ ਅਤੇ ਅਸੀ ਉਸ ਸਮੇਂ ਦਰਬਾਰ ਸਾਹਿਬ ਦੇ ਵਿਚ ਮੌਜੂਦ ਸੀ। ਉਨ੍ਹਾਂ ਦੱਸਿਆ ਕਿ ਜੇ ਅਸੀ ਉੱਥੇ ਮੌਜੂਦ ਨਾ ਹੁੰਦੇ ਤਾਂ ਹੋ ਸਕਦਾ ਇਹ ਅੱਗ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਨੁਕਸਾਨ ਪਹੁੰਚਾਉਂਦੀ ਪਰ ਸਾਡੇ ਵਲੋਂ ਐਨ ਮੌਕੇ ਉੱਪਰ ਅੱਗ ‘ਤੇ ਕਾਬੂ ਪਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਹ ਏ.ਸੀ. ਲੰਘੀ ਤਿੰਨ ਜੁਲਾਈ ਨੂੰ ਹੀ ਲਗਵਾਇਆ ਗਿਆ ਸੀ ਪਰ ਪਤਾ ਨਹੀ ਲੱਗਿਆ ਕਿ ਇਸ ਨੂੰ ਇੰਨੀ ਜਲਦੀ ਅੱਗ ਕਿਵੇਂ ਲਗ ਗਈ। ਪੱਤਰਕਾਰਾਂ ਨੂੰ ਦਰਬਾਰ ਸਾਹਿਬ ਵਿਚ ਬੁਲਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਵੀ ਕਰਵਾਏ ਤੇ ਦਿਖਾਇਆ ਕਿ ਗੁਰੂ ਸਾਹਿਬ ਜੀ ਨੂੰ ਅੱਗ ਲੱਗਣ ਨਾਲ ਕੋਈ ਆਂਚ ਨਹੀ ਆਈ। ਇਸ ਮੌਕੇ ਉਨ੍ਹਾਂ ਦੇ ਨਾਲ ਗ੍ਰੰਥੀ ਸਭਾ ਦੇ ਚੇਅਰਮੈਨ ਅਤੇ ਸਮੂਹ ਗ੍ਰੰਥੀ ਸਿੰਘ ਹਾਜ਼ਰ ਸਨ।