ਬਾਘਾ ਪੁਰਾਣਾ, 20 ਜੁਲਾਈ (ਗੁਰਮੀਤ ਸਿੰਘ ਮਾਣੂੰਕੇ)-ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਖੁਮਾਣੀਸਰ ਸਾਹਿਬ ਚੰਦ ਪੁਰਾਣਾ (ਹਲਕਾ ਬਾਘਾ ਪੁਰਾਣਾ) ਵਿਖੇ ਅਨੇਕਾਂ ਸਮਾਜ ਸੇਵੀ ਕਾਰਜਾਂ ਤਹਿਤ ਗੁਰੂ ਘਰਦੇ ਸ਼ਰਧਾਲੂਆਂ ਲਈ ਨਿਸ਼ਕਾਮ ਸੇਵਾ ਤਹਿਤ ਤੀਰਥ ਯਾਤਰਾ ਦੀ ਨਵੀਂ ਪਹਿਲੀ ਕਦਮੀ ਕਰਦਿਆਂ ਤੀਰਥ ਯਾਤਰਾ ਦੀ ਸ਼ੁਰੂਆਤ ਕੀਤੀ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਖੁਮਾਣੀਸਰ ਚੰਦ ਪੁਰਾਣਾ ਵਲੋਂ ਸਮੇਂ-ਸਮੇਂ ‘ਤੇ ਅਨੇਕਾਂ ਸਮਾਜ ਸੇਵੀ ਕਾਰਜ ਕੀਤੇ ਜਾਂਦੇ ਹਨ ਜਿਸ ਤਹਿਤ ਜ਼ਰੂਰਤਮੰਦ ਲੋਕਾਂ ਲਈ ਸਿਹਤ ਸਹੂਲਤਾਂ ਤਹਿਤ ਮੈਡੀਕਲ ਕੈਂਪ, ਸਮੂਹਿਕ ਲੋੜਵੰਦ ਬੱਚਿਆਂ ਦੇ ਵਿਆਹ, ਆਰਥਿਕ ਪੱਖ ਤੋਂ ਕਮਜ਼ੋਰ ਹੋਣਹਾਰ ਵਿਦਿਆਰਥਣਾਂ ਦੀ ਪੜਾਈ ਦਾ ਖਰਚਾ ਅਤੇ ਦਸਤਾਰ ਮੁਕਾਬਲੇ ਆਦਿ ਸਮਾਜ ਸੇਵੀ ਕਾਰਜ ਕੀਤੇ ਜਾਂਦੇ ਹਨ। ਇਨ੍ਹਾਂ ਸਮਾਜ ਸੇਵੀ ਕਾਰਜਾਂ ਤਹਿਤ ਗੁਰਦੁਆਰਾ ਖੁਮਾਣੀਸਰ ਸਾਹਿਬ ਚੰਦ ਪੁਰਾਣਾ ਵਲੋਂ ਗੁਰੂ ਘਰਦੇ ਸ਼ਰਧਾਲੂਆਂ ਲਈ ਨਿਸ਼ਕਾਮ ਸੇਵਾ ਤਹਿਤ ਵੱਖ-ਵੱਖ ਤੀਰਥ ਅਸਥਾਨਾਂ ਲਈ ਤੀਰਥ ਯਾਤਰਾ ਦੀ ਸ਼ੁਰੂਆਤ ਕਰਦਿਆਂ ਨਵੀ ਪਹਿਲੀ ਕਦਮੀ ਤਹਿਤ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵੱਖ ਧਾਰਮਿਕ ਅਸਥਾਨਾਂ ਲਈ ਸ਼ਰਧਾਲੂਆਂ ਦੀ ਬੱਸ ਨੂੰ ਰਵਾਨਾ ਕੀਤਾ। ਇਸ ਮੌਕੇ ਬਾਬਾ ਬਲਵਿੰਦਰ ਸਿੰਘ ਚੰਦ ਪੁਰਾਣਾ ਨੇ ਸਮੂਹ ਸੰਗਤ ਨੂੰ ਅਪੀਲ ਕੀਤੀ ਗੁਰੂ ਘਰ ‘ਚ ਪੁੱਜਣ ਵਾਲੇ ਹਰੇਕ ਸ਼ਰਧਾਲੂਆਂ ਨੂੰ ਨਿਸ਼ਕਾਮ ਤੀਰਥ ਯਾਤਰਾ ਕਰਵਾਈ ਜਾਵੇਗੀ। ਇਸ ਮੌਕੇ ਵੱਡੀ ਗਿਣਤੀ ਸੰਗਤਾਂ ਹਾਜ਼ਰ ਸਨ।