06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

‘ਸਤਲੁਜ’ ਫ਼ਿਲਮ ’ਚ ਦਿਖਾਈਆਂ ਘਟਨਾਵਾਂ ਸਬੂਤਾਂ ਆਧਾਰਤ ਸੱਚ ਹਨ-ਐਡਵੋਕੇਟ ਅਸ਼ੋਕ ਅਗਰਵਾਲ

Ad Position 21
No active advertisement
ਅਜੀਤ ਡੈਸਕ 21-07-2026
ਮੋਗਾ, 20 ਜੁਲਾਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਸਤਲੁਜ ਫ਼ਿਲਮ ਵਿਚ ਦਿਖਾਈਆਂ ਗਈਆਂ ਘਟਨਾਵਾਂ ਮਾਣਯੋਗ ਅਦਾਲਤ ਵਿਚ ਪੇਸ਼ ਹੋਏ ਸਬੂਤਾਂ ’ਤੇ ਆਧਾਰਿਤ ਸੱਚ ਹਨ ਜੋ ਸੂਈ ਦੇ ਨੱਕੇ ਬਰਾਬਰ ਹਨ, ਅਸਲ ਸੱਚ ਪਤਾ ਕਰਨ ਦੀ ਸਰਕਾਰਾਂ, ਅਦਾਲਤਾਂ ਜਾਂ ਜਾਂਚ ਏਜੰਸੀਆਂ ਨੇ ਕੋਸ਼ਿਸ਼ ਹੀ ਨਹੀਂ ਕੀਤੀ। ਅਦਾਲਤ ਵਿਚ ਕੇਸ ਸਿਰਫ਼ ਤਿੰਨ ਸ਼ਮਸ਼ਾਨਘਾਟਾਂ ਨੂੰ ਆਧਾਰ ਬਣਾ ਕੇ ਲੜਿਆ ਗਿਆ, ਹੋਰ ਸ਼ਮਸ਼ਾਨਘਾਟਾਂ ਜਾਂ ਨਹਿਰਾਂ ਵਿਚ ਵਹਾਈਆਂ ਲਾਸ਼ਾਂ ਦੀ ਕੋਈ ਜਾਂਚ ਨਹੀਂ ਹੋਈ, ਇਸ ਲਈ 25 ਹਜ਼ਾਰ ਲਾਵਾਰਸ ਲਾਸ਼ਾਂ ਦੀ ਗਿਣਤੀ ਇਕ ਅੰਦਾਜ਼ਨ ਗਿਣਤੀ ਹੈ, ਅਸਲ ਗਿਣਤੀ ਇਸ ਤੋਂ ਵੱਧ ਜਾਂ ਘੱਟ ਹੋ ਸਕਦੀ ਹੈ। ਇਹ ਫ਼ਿਲਮ ਸਿਰਫ਼ ਮਨੁੱਖੀ ਅਧਿਕਾਰਾਂ ਦੇ ਘਾਣ ‘’ਤੇ ਕੇਂਦਰਿਤ ਹੈ, ਕਿਸੇ ਵੀ ਧਰਮ ਦੇ ਹੱਕ ਜਾਂ ਵਿਰੋਧ ਵਿਚ ਪ੍ਰਚਾਰ ਨਹੀਂ ਕਰਦੀ, ਜਿਵੇਂ ਕੁਝ ਰਾਜਨੀਤਕ ਆਗੂਆਂ ਵਲੋਂ ਕਿਹਾ ਜਾ ਰਿਹਾ ਹੈ। ਇਹ ਪ੍ਰਗਟਾਵਾ ਜਸਵੰਤ ਸਿੰਘ ਖਾਲੜਾ ਦਾ ਸੁਪਰੀਮ ਕੋਰਟ ਵਿਚ ਕੇਸ ਲੜਨ ਵਾਲੇ ਉੱਘੇ ਵਕੀਲ ਤੇ ਸਤਲੁਜ ਫ਼ਿਲਮ ਦੇ ਪਾਤਰ ਐਡਵੋਕੇਟ ਅਸ਼ੋਕ ਅਗਰਵਾਲ ਨੇ ਗਿੱਲ ਪੈਲੇਸ ਵਿਚ ਸਿਵਲ ਸੁਸਾਇਟੀ ਮੋਗਾ ਵਲੋਂ ਆਪਸੀ ਸਦਭਾਵਨਾ ਨੂੰ ਮਜ਼ਬੂਤ ਕਰਨ ਲਈ ਕਰਵਾਏ ਗਏ ਸੰਪੋਜੀਅਮ ਵਿਚ ਪ੍ਰਗਟ ਕੀਤੇ। ਇਸ ਮੌਕੇ ਬੀਬੀ ਪਰਮਜੀਤ ਕੌਰ ਖਾਲੜਾ ਦੇ ਹਾਈਕੋਰਟ ਵਿਚ ਕੇਸ ਲੜਨ ਵਾਲੇ ਉੱਘੇ ਵਕੀਲ ਰਾਜਵਿੰਦਰ ਸਿੰਘ ਬੈਂਸ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਮੈਂ ਆਪਣੇ ਆਪ ਨੂੰ ਖ਼ੁਸ਼ਕਿਸਮਤ ਸਮਝਦਾ ਹਾਂ ਕਿ ਮੈਂ ਰਾਮ ਨਰਾਇਣ ਕੁਮਾਰ ਦੇ ਰੂਪ ਵਿਚ ਭਗਤ ਸਿੰਘ ਨੂੰ ਜਿਊਂਦੇ ਦੇਖਿਆ ਹੈ। ਉੱਘੇ ਪੱਤਰਕਾਰ ਹਮੀਰ ਸਿੰਘ ਨੇ ਕਿਹਾ ਕਿ ਵਧੀਆ ਕੋਸ਼ਿਸ਼ ਕਰਨ ਲਈ ਸਿਵਲ ਸੁਸਾਇਟੀ ਮੋਗਾ ਵਧਾਈ ਦੀ ਪਾਤਰ ਹੈ। ਉਨ੍ਹਾਂ ਦੱਸਿਆ ਕਿ ਜਸਵੰਤ ਸਿੰਘ ਖਾਲੜਾ ਕਿਸੇ ਇਕ ਘਟਨਾ ਤੋਂ ਪ੍ਰਭਾਵਿਤ ਹੋ ਕੇ ਸੰਘਰਸ਼ ਵਿਚ ਨਹੀਂ ਕੁੱਦਿਆ ਸੀ ਬਲਕਿ 1982-83 ਵਿਚ ਬੈਂਕ ਦੀ ਨੌਕਰੀ ਛੱਡ ਕੇ ਉਹ ਲਗਾਤਾਰ ਮਨੁੱਖੀ ਅਧਿਕਾਰਾਂ ’ਤੇ ਕੰਮ ਕਰਦਾ ਹੋਇਆ ਕਰੀਬ 10 ਵਾਰ ਜੇਲ੍ਹ ਗਿਆ। ਈ.ਡੀ. ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਨੇ ਕਿਹਾ ਕਿ ਅਪਰਾਧੀ ਲੋਕਾਂ ਦੀ ਅਸਲ ਜਗ੍ਹਾ ਜੇਲ੍ਹ ਹੈ ਪਰ ਦੁੱਖ ਦੀ ਗੱਲ ਹੈ ਕਿ ਅੱਜ ਰਾਜਨੀਤੀ ਦੀ ਮਿਹਰਬਾਨੀ ਨਾਲ ਜੇਲ੍ਹਾਂ ਵਿਚ ਬੇਗੁਨਾਹਾਂ ਅਤੇ ਸਮਾਜ ਵਿਚ ਗੁਨਾਹਗਾਰਾਂ ਦੀ ਗਿਣਤੀ ਦਿਨੋਂ-ਦਿਨ ਵੱਧ ਰਹੀ ਹੈ। ਐਡਵਾਈਜ਼ਰ ਅਜੇ ਗੋਰਾ ਸੂਦ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ । ਸਮਾਗਮ ਦੇ ਅੰਤ ਵਿਚ ਉਕਤ ਮਹਿਮਾਨਾਂ ਨੇ ਜਸਵੰਤ ਸਿੰਘ ਖਾਲੜਾ ਅਤੇ ਰਾਮ ਨਰਾਇਣ ਕੁਮਾਰ ਦੀ ਇਕ ਸੰਯੁਕਤ ਤਸਵੀਰ ਜਾਰੀ ਕੀਤੀ ਅਤੇ ਸਭ ਹਾਜ਼ਰੀਨ ਨੇ ਦੋ ਮਿੰਟ ਦਾ ਮੌਨ ਧਾਰਨ ਕਰ ਕੇ ਇਸ ਘੱਲੂਘਾਰੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਮੰਚ ਸੰਚਾਲਨ ਪ੍ਰੋ. ਪੀ.ਐਸ. ਭੋਗਲ ਨੇ ਕੀਤਾ। ਇਸ ਮੌਕੇ ਮਨੁੱਖੀ ਅਧਿਕਾਰ ਕਾਰਕੁਨ ਪ੍ਰਿਆ ਜੈਨ, ਡਾ. ਕੁਲਦੀਪ ਸਿੰਘ ਗਿੱਲ, ਐਡਵੋਕੇਟ ਵਿਜੇ ਧੀਰ, ਐਡਵੋਕੇਟ ਰਾਜੇਸ਼ ਸ਼ਰਮਾ, ਡਾ. ਹਰਨੇਕ ਸਿੰਘ ਰੋਡੇ, ਬਲਵਿੰਦਰ ਸਿੰਘ, ਬੂਟਾ ਸਿੰਘ ਦੌਲਤਪੁਰਾ, ਗਿਆਨ ਸਿੰਘ, ਪ੍ਰੇਮ ਭੂਸ਼ਨ ਗੁਪਤਾ, ਜਤਿੰਦਰ ਸਿੰਘ ਬੇਦੀ, ਐਮ.ਐਲ. ਜੈਦਕਾ, ਅਸ਼ੋਕ ਧਵਨ, ਵਿਜੇ ਗੋਇਲ, ਪ੍ਰੋ. ਰਾਣਾ ਸੂਦ, ਐਡਵੋਕੇਟ ਜਗਦੀਸ਼ ਬਾਵਾ, ਰਾਜਿੰਦਰ ਛਾਬੜਾ, ਸੰਜੀਵ ਸ਼ਰਮਾ, ਜਬਰਜੰਗ ਸਿੰਘ, ਸਿਵਲ ਸੁਸਾਇਟੀ ਮੈਂਬਰ ਮਹਿੰਦਰਪਾਲ ਲੂੰਬਾ, ਅਮਰਜੀਤ ਸਿੰਘ ਜੱਸਲ, ਮਨਿੰਦਰ ਬੇਦੀ, ਵੀ.ਪੀ. ਸੇਠੀ, ਅਮਰ ਅਨੇਜਾ, ਪ੍ਰਿਤਪਾਲ ਸਿੰਘ ਲੱਕੀ ਗਿੱਲ, ਕੰਵਲਜੀਤ ਮਹੇਸ਼ਰੀ, ਐਡਵੋਕੇਟ ਰਵਿੰਦਰ ਕੌਰ, ਸੋਨੀਆ ਅਨੇਜਾ, ਹਰਪ੍ਰੀਤ ਕੌਰ ਧਾਲੀਵਾਲ, ਕਿਰਪਾਲ ਸਿੰਘ, ਸ਼ਿਵਚਰਨ ਸਿੰਘ, ਚਮਕੌਰ ਕੌਰੀ, ਅਕਬਰ ਚੜਿੱਕ ਆਦਿ ਤੋਂ ਇਲਾਵਾ ਸੈਂਕੜੇ ਲੋਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੌਜੂਦਾ ਪੰਜਾਬ ਸਰਕਾਰ ਦੇ ਨਿਵੇਸ਼ ਅਤੇ ਵਿਕਾਸ ਦੇ ਦਾਅਵਿਆਂ ਦੀ ਫੂਕ ਨਿਕਲ ਚੁੱਕੀ ਹੈ-ਪੀਰ ਮੁਹੰਮਦ ਅਗਲੀ ਖ਼ਬਰ ਭਾਕਿਯੂ ਏਕਤਾ ਆਜ਼ਾਦ ਦੇ ਆਗੂ ਦਿੱਲੀ ਮਹਾਂ ਪੰਚਾਇਤ ਲਈ ਰਵਾਨਾ
Ad Position 24
No active advertisement