ਨਿਹਾਲ ਸਿੰਘ ਵਾਲਾ, 20 ਜੁਲਾਈ (ਪਲਵਿੰਦਰ ਸਿੰਘ ਟਿਵਾਣਾ)-ਪਿੰਡ ਬਿਲਾਸਪੁਰ ਵਿਖੇ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਵਲੋਂ ਮਰਹੂਮ ਸਵਰਨ ਬਰਾੜ ਯਾਦਗਾਰੀ ਲਾਇਬ੍ਰੇਰੀ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ ਕੀਤਾ ਗਿਆ। ਪਹਿਲਾਂ ਵਾਲੀ ਇਮਾਰਤ ਖਸਤਾ ਹਾਲਤ ਹੋ ਚੁੱਕੀ ਸੀ ਅਤੇ ਹਲਕਾ ਵਿਧਾਇਕ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਵਲੋਂ ਨਵੀਂ ਇਮਾਰਤ ਲਈ ਲਗਭਗ 17 ਲੱਖ ਰੁਪਏ ਦੀ ਗਰਾਂਟ ਮਨਜ਼ੂਰ ਹੋਈ ਸੀ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਡਾ. ਨਿਰਮਲ ਜੌੜਾ ਡਾਇਰੈਕਟਰ ਯੂਥ ਵੈੱਲਫੇਅਰ ਪੀ.ਏ.ਯੂ. ਲੁਧਿਆਣਾ ਨੇ ਪਿੰਡ ਦੇ ਉੱਦਮੀ ਨੌਜਵਾਨਾਂ ਦੀ ਹੌਸਲਾ ਅਫਜਾਈ ਕਰਦਿਆਂ ਕਿਹਾ ਕਿ ਪਿੰਡ ਬਿਲਾਸਪੁਰ ਦੇ ਵਾਸੀਆਂ ਨੇ ਪਿੰਡ ਵਿਚ ਹੀ ਨਹੀਂ ਸਗੋਂ ਪਿੰਡੋਂ ਬਾਹਰ ਦੂਰ-ਦੂਰ ਤੱਕ ਦੇ ਇਲਾਕਿਆਂ ਵਿਚ ਵੀ ਸਮਾਜ ਨੂੰ ਸੇਧ ਦੇਣ ਵਾਲੀਆਂ ਅਗਾਂਹਵਧੂ ਪੈੜਾਂ ਪਾਈਆਂ ਹਨ। ਪਿੰਡ ਵਾਸੀਆਂ ਦੇ ਭਰਵੇਂ ਇਕੱਠ ਵਿਚ ਹਲਕਾ ਵਿਧਾਇਕ ਨੇ ਲਾਇਬ੍ਰੇਰੀ ਟਰੱਸਟ ਦੇ ਅਹੁਦੇਦਾਰਾਂ ਅਮਨਦੀਪ, ਹਰਵਿੰਦਰ ਧਾਲੀਵਾਲ, ਹਰਵੀਰ ਹੈਰੀ ਅਤੇ ਹੋਰ ਪਤਵੰਤੇ ਸੱਜਣਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਅੱਗੇ ਤੋਂ ਵੀ ਕਿਸੇ ਵੀ ਕਿਸਮ ਦੀ ਸਹਾਇਤਾ ਦੀ ਲੋੜ ਹੋਵੇ ਤਾਂ ਉਹ ਸਹਾਇਤਾ ਹਰ ਹਾਲਤ ਦਿੱਤੀ ਜਾਵੇਗੀ। ਉਪਰੰਤ ਟਰੱਸਟ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵਲੋਂ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਅਤੇ ਡਾ. ਨਿਰਮਲ ਜੌੜਾ ਦਾ ਸਨਮਾਨ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ। ਸ਼ੇਰ ਸਿੰਘ ਕੈਨੇਡੀਅਨ ਦੇ ਪਰਿਵਾਰਕ ਮੈਂਬਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਲਾਇਬ੍ਰੇਰੀ ਦੀ ਇਮਾਰਤ ਬਣਨ ਵੇਲੇ ਵਿਸ਼ੇਸ਼ ਜ਼ਿੰਮੇਵਾਰੀ ਨਿਭਾਈ ਸੀ। ਜ਼ਿਕਰਯੋਗ ਹੈ ਕਿ ਇਹ ਲਾਇਬ੍ਰੇਰੀ ਐਨ.ਆਰ.ਆਈ. ਵੀਰਾਂ ਅਤੇ ਹੋਰ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਚਲਦੀ ਹੈ ਜਿਨ੍ਹਾਂ ਵਿਚ ਪ੍ਰੋ. ਗੁਰਜੀਤ ਸਿੰਘ, ਪ੍ਰੋ. ਰਛਪਾਲ ਸਿੰਘ ਬਰਾੜ, ਡਾ. ਨਿਰਮਲ ਜੌੜਾ, ਤਰਨਦੀਪ ਦਿਉਲ, ਮਾਤਾ ਜਰਨੈਲ ਕੌਰ, ਸ਼ੇਰ ਸਿੰਘ ਕੈਨੇਡੀਅਨ ਆਦਿ ਦਾ ਨਾਮ ਜ਼ਿਕਰਯੋਗ ਹੈ। ਅੱਜ ਬਿਲਡਿੰਗ ਦੇ ਉਦਘਾਟਨ ਮੌਕੇ ਵੀ ਪ੍ਰੋ. ਰਛਪਾਲ ਸਿੰਘ ਬਰਾੜ ਨੇ ਫ਼ੋਨ ਕਰਕੇ 51000 ਹਜ਼ਾਰ ਰੁਪਏ ਦੀ ਸਹਾਇਤਾ ਭੇਜਣ ਦਾ ਐਲਾਨ ਕੀਤਾ ਜਿਸ ਦੇ ਲਈ ਪ੍ਰਧਾਨ ਅਮਨਦੀਪ ਵਲੋਂ ਉਨ੍ਹਾਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ। ਇਸ ਮੌਕੇ ਮਰਹੂਮ ਸਵਰਨ ਬਰਾੜ ਦੇ ਨੇੜੇ ਦੇ ਦੋਸਤ ਸੋਨੀ ਯੂ.ਐਸ.ਏ. ਨੇ ਵੀ ਵਿਸ਼ਵਾਸ ਦੁਆਇਆ ਕਿ ਲਾਇਬ੍ਰੇਰੀ ਦੇ ਸਾਲਾਨਾ ਰੈਗੂਲਰ ਖਰਚੇ ਚਲਾਉਣ ਵਿਚ ਉਹ ਵੀ ਆਪਣਾ ਬਣਦਾ ਯੋਗਦਾਨ ਪਾਉਣਗੇ। ਇਸ ਮੌਕੇ ਉੱਘੇ ਰੰਗਕਰਮੀ ਡਾ. ਨਵਦੀਪ ਜੌੜਾ, ਡਿਪਟੀ ਡਾਇਰੈਕਟਰ ਖੇਤੀਬਾੜੀ ਵਿਭਾਗ ਪੰਜਾਬ ਅਤੇ ਬਰਿੰਦਰ ਸ਼ਰਮਾ ਚੇਅਰਮੈਨ ਜ਼ਿਲ੍ਹਾ ਪਲਾਨਿੰਗ ਬੋਰਡ, ਰਵਿੰਦਰ ਰੰਗੂਵਾਲ ਵੀਡੀਓ ਡਾਇਰੈਕਟਰ, ਪ੍ਰੋ. ਹਰਮੀਤ ਕਿੰਗਰਾ ਅਤੇ ਦਵਿੰਦਰ ਸਿੰਘ ਦੀਨਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਮਾਸਟਰ ਮਹਿੰਦਰ ਸਿੰਘ, ਮਹਿੰਦਰ ਸਿੰਘ ਭੋਲਾ, ਡਾ. ਪ੍ਰੇਮ ਸਿੰਘ, ਸੁਖਚੈਨ ਸਿੰਘ ਬੱਬੀ, ਜੋਗਿੰਦਰ ਸਿੰਘ ਮੈਂਬਰ, ਬਖਤੌਰ ਸਿੰਘ, ਗੀਤਾ, ਜੋਤ ਅਤੇ ਉਸ ਦੇ ਸਾਥੀ, ਮਾਸਟਰ ਜਸਵੰਤ ਸਿੰਘ ਤੋਂ ਇਲਾਵਾ ਪਿੰਡ ਦੇ ਹੋਰ ਪਤਵੰਤੇ ਹਾਜ਼ਰ ਸਨ। ਸਟੇਜ ਦੀ ਕਾਰਵਾਈ ਸੁਤੰਤਰ ਰਾਏ ਨੇ ਬੜੇ ਖ਼ੂਬਸੂਰਤ ਅਤੇ ਕਲਾਤਮਿਕ ਢੰਗ ਨਾਲ਼ ਚਲਾਈ। ਆਖਿਰ ਵਿਚ ਟਰੱਸਟ ਦੇ ਪ੍ਰਧਾਨ ਅਮਨਦੀਪ ਵਲੋਂ ਆਈਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਗਿਆ।