ਮੋਗਾ, 20 ਜੁਲਾਈ (ਸੁਰਿੰਦਰਪਾਲ ਸਿੰਘ)-ਸਿਰਫ਼ ਕਿਤਾਬੀ ਗਿਆਨ ਹੀ ਨਹੀਂ, ਸਗੋਂ ਜੀਵਨ ਦੀਆਂ ਅਸਲ ਸਥਿਤੀਆਂ ਦਾ ਸਾਹਮਣਾ ਕਰਨ ਦੀ ਸਮਰੱਥਾ ਵਿਕਸਿਤ ਕਰਨਾ ਵੀ ਸਿੱਖਿਆ ਦਾ ਅਹਿਮ ਮਕਸਦ ਹੈ। ਇਸੇ ਉਦੇਸ਼ ਨੂੰ ਧਿਆਨ ਵਿਚ ਰੱਖਦਿਆਂ ਡਾ. ਸੈਫੂਦੀਨ ਕਿਚਲੂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੋਗਾ ਦੀ ਪ੍ਰਾਇਮਰੀ ਵਿੰਗ ਵਿਚ ਹੈਲਪ ਲਾਈਨ ਅਵੇਅਰਨੈੱਸ ਐਂਡ ਐਮਰਜੈਂਸੀ ਰਿਸਪਾਂਸ ਐਕਟੀਵਿਟੀ ਕਰਵਾਈ ਗਈ। ਹੈੱਡ ਮਿਸਟ੍ਰੈੱਸ ਰੂਹੀ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਇਸ ਪ੍ਰੋਗਰਾਮ ਦਾ ਮਕਸਦ ਵਿਦਿਆਰਥੀਆਂ ਨੂੰ ਆਤਮ-ਨਿਰਭਰ, ਸੁਚੇਤ ਅਤੇ ਐਮਰਜੈਂਸੀ ਹਾਲਾਤਾਂ ਵਿਚ ਸਹੀ ਫ਼ੈਸਲੇ ਲੈਣ ਲਈ ਤਿਆਰ ਕਰਨਾ ਸੀ। ਇਸ ਦੌਰਾਨ ਵਿਦਿਆਰਥੀਆਂ ਨੂੰ ਸਰਕਾਰੀ ਐਮਰਜੈਂਸੀ ਹੈਲਪ ਲਾਈਨ ਨੰਬਰਾਂ ਦੀ ਮਹੱਤਤਾ ਅਤੇ ਉਨ੍ਹਾਂ ਦੀ ਸਹੀ ਵਰਤੋਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਡਿਜੀਟਲ ਸਮਾਰਟ ਬੋਰਡ ਰਾਹੀਂ ਸਮਝਾਇਆ ਗਿਆ ਕਿ 101 ਫਾਇਰ ਬ੍ਰਿਗੇਡ, 108 ਮੈਡੀਕਲ ਐਮਰਜੈਂਸੀ ਐਂਬੂਲੈਂਸ, 112 ਪੁਲਿਸ ਅਤੇ ਐਮਰਜੈਂਸੀ ਸਹਾਇਤਾ, 1091 ਮਹਿਲਾ ਹੈਲਪ ਲਾਈਨ ਅਤੇ 1098 ਚਾਈਲਡ ਹੈਲਪ ਲਾਈਨ ਲਈ ਵਰਤੇ ਜਾਂਦੇ ਹਨ। ਵਿਦਿਆਰਥੀਆਂ ਨੂੰ ਇਹ ਵੀ ਦੱਸਿਆ ਗਿਆ ਕਿ ਕਿਸੇ ਵੀ ਐਮਰਜੈਂਸੀ ਵਿਚ ਘਬਰਾਉਣ ਦੀ ਬਜਾਏ ਸ਼ਾਂਤ ਰਹਿ ਕੇ ਘਟਨਾ ਸਥਾਨ, ਘਟਨਾ ਅਤੇ ਆਪਣੀ ਪਛਾਣ ਦੀ ਸਹੀ ਜਾਣਕਾਰੀ ਦੇਣਾ ਬਹੁਤ ਜ਼ਰੂਰੀ ਹੁੰਦਾ ਹੈ। ਗਤੀਵਿਧੀ ਨੂੰ ਦਿਲਚਸਪ ਅਤੇ ਵਿਹਾਰਕ ਬਣਾਉਣ ਲਈ ਵਿਦਿਆਰਥੀਆਂ ਨੇ ਪੋਸਟਰ ਬਣਾਉਣ, ਭਾਸ਼ਣ, ਸਮੂਹ ਚਰਚਾ ਅਤੇ ਰੋਲ-ਪਲੇਅ ਰਾਹੀਂ ਵੱਖ-ਵੱਖ ਐਮਰਜੈਂਸੀ ਸਥਿਤੀਆਂ ਦਾ ਪ੍ਰਦਰਸ਼ਨ ਕੀਤਾ। ਸਕੂਲ ਦੇ ਚੇਅਰਮੈਨ ਐਡਵੋਕੇਟ ਸੁਨੀਲ ਗਰਗ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਬੱਚਿਆਂ ਦਾ ਸਿਰਫ਼ ਪੜ੍ਹਾਈ ਵਿਚ ਹੀ ਅੱਗੇ ਹੋਣਾ ਕਾਫ਼ੀ ਨਹੀਂ, ਸਗੋਂ ਉਨ੍ਹਾਂ ਦਾ ਜਾਗਰੂਕ, ਆਤਮ-ਨਿਰਭਰ ਅਤੇ ਜ਼ਿੰਮੇਵਾਰ ਨਾਗਰਿਕ ਬਣਨਾ ਵੀ ਉਨ੍ਹਾਂ ਹੀ ਮਹੱਤਵਪੂਰਨ ਹੈ। ਸਕੂਲ ਦੀ ਡਾਇਰੈਕਟਰ ਸੁਨੀਤਾ ਰਾਣੀ ਗਰਗ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਜਾਗਰੂਕਤਾ ਹੀ ਸਭ ਤੋਂ ਵੱਡੀ ਸੁਰੱਖਿਆ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਬੱਚਿਆਂ ਵਿਚ ਆਤਮ-ਵਿਸ਼ਵਾਸ, ਸੰਵੇਦਨਸ਼ੀਲਤਾ, ਅਨੁਸ਼ਾਸਨ ਅਤੇ ਸੇਵਾ ਭਾਵਨਾ ਨੂੰ ਮਜ਼ਬੂਤ ਕਰਦੀਆਂ ਹਨ।