ਅਜੀਤਵਾਲ, 21 ਜੁਲਾਈ (ਹਰਦੇਵ ਸਿੰਘ ਮਾਨ)- ਸਥਾਨਿਕ ਕਸਬੇ ਅੰਦਰ ਦੁਪਹਿਰ ਕਰੀਬ 3:15 ਵਜੇ ਅਣਪਛਾਤੇ ਨਕਾਬਪੋਸ਼ਾਂ ਵਲੋਂ ਸੁਨਿਆਰੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਲੱਖਾਂ ਰੁਪਏ ਦੇ ਗਹਿਣਿਆਂ ਦੀ ਲੁੱਟ ਨੂੰ ਅੰਜਾਮ ਦਿੱਤਾ ਗਿਆ। ਪਿਛਲੇ ਕਈ ਦਹਾਕਿਆਂ ਤੋਂ ਅਜੀਤਵਾਲ ਵਿਖੇ ਕੋਕਰੀ ਜਿਊਲਰਜ਼ ਦੇ ਨਾਂਅ ’ਤੇ ਸਰਾਫ (ਗਹਿਣਿਆਂ) ਦਾ ਕੰਮ ਕਰਦੇ ਹਰਜਿੰਦਰ ਸਿੰਘ ਨੇ ਦੱਸਿਆ ਕਿ ਦੁਪਹਿਰ 3:15 ਦੇ ਕਰੀਬ ਉਨ੍ਹਾਂ ਦੀ ਦੁਕਾਨ ਦੇ ਸਾਹਮਣੇ ਇਕ ਪੂਰੀ ਤਰ੍ਹਾਂ ਕਾਲੇ ਸ਼ੀਸ਼ਿਆਂ ਵਾਲੀ ਬਿਨਾਂ ਨੰਬਰ ਤੋਂ ਕਾਰ ਆ ਕੇ ਰੁਕੀ| ਜਿਸ ਵਿਚੋਂ ਨਿਕਲੇ ਤਿੰਨ ਵਿਅਕਤੀ ਜਿਨ੍ਹਾਂ ਦੇ ਮੂੰਹ ਢਕੇ ਹੋਏ ਸਨ ਤੇ ਕਾਲੇ ਕੱਪੜੇ ਪਾਏ ਹੋਏ ਸਨ ਨੇ ਦੁਕਾਨ ਅੰਦਰ ਆਉਂਦਿਆਂ ਹੀ ਉਸ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਪਰ ਉਹ ਪਿੱਛੇ ਡਿਗਣ ਕਰਕੇ ਬਚਾ ਗਿਆ। ਇੰਨੇ ਵਿਚ ਦੂਸਰੇ ਵਿਅਕਤੀ ਨੇ ਕਾਊਂਟਰ ਦੇ ਅੰਦਰ ਟੱਪ ਕੇ ਤਿਜੋਰੀ ਵਿਚ ਪਏ ਡੱਬੇ ’ਚੋਂ ਗਹਿਣੇ ਕੱਢ ਲਏ ਅਤੇ ਬਾਹਰ ਨਿਕਲ ਕਿ ਕਾਰ ਵਿਚ ਬੈਠ ਕੇ ਫਰਾਰ ਹੋ ਗਏ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਅਜੀਤਵਾਲ ਦੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਆਸ ਪਾਸ ਦੀ ਕੈਮਰੇ ਚੈੱਕ ਕਰਨੇ ਸ਼ੁਰੂ ਕਰ ਦਿੱਤੇ। ਡੀ.ਐਸ.ਪੀ. ਨਿਹਾਲ ਸਿੰਘ ਵਾਲਾ ਅਨਵਰ ਅਲੀ ਨੇ ਪੁਲਿਸ ਪਾਰਟੀ ਨਾਲ ਤੁਰੰਤ ਪਹੁੰਚ ਕੇ ਬਰੀਕੀ ਨਾਲ ਛਾਣਬੀਣ ਕਰਦਿਆਂ ਰਾਹਾਂ ’ਤੇ ਲੱਗੇ ਕੈਮਰੇ ਅਤੇ ਰਾਹਗੀਰਾਂ ਸਮੇਤ ਦੁਕਾਨਦਾਰਾਂ ਤੋਂ ਜਾਣਕਾਰੀ ਇਕੱਤਰ ਕੀਤੀ। ਦਿਨ ਦਿਹਾੜੇ ਹੋਈ ਇਸ ਵਾਰਦਾਤ ਨਾਲ ਕਸਬੇ ਦੇ ਦੁਕਾਨਦਾਰ ਅਤੇ ਵਸਨੀਕਾਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਅਜੀਤਵਾਲ ਵਿਖੇ ਦਿਨ-ਦਿਹਾੜੇ ਸੁਨਿਆਰੇ ਦੀ ਦੁਕਾਨ ’ਤੇ ਲੁੱਟ
ਅਜੀਤ ਡੈਸਕ
22-07-2026