ਸਮਾਧ ਭਾਈ, 21 ਜੁਲਾਈ (ਜਗਰੂਪ ਸਿੰਘ ਸਰੋਆ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਮੋਗਾ ਵਲੋਂ ਪਿੰਡ ਮਾਣੂੰਕੇ ਵਿਖੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ ਦੇ ਫਾਰਮ ਹਾਊਸ ‘ਤੇ ਹੋਈ ਮੀਟਿੰਗ ਉਪਰੰਤ ਉਨ੍ਹਾਂ ਦੇ ਖੇਤ ਵਿਚ ਦੋ ਏਕੜ ਨੂੰ ਬਿਨਾਂ ਵਾਹੇ, ਬਿਨਾਂ ਅੱਗ ਲਾਏ ਆਰਗੈਨਿਕ ਢੰਗ ਨਾਲ ਬੀਜੇ ਝੋਨੇ ਦੀ ਵਿਧੀ ਨੂੰ ਹੋਰਨਾਂ ਕਿਸਾਨਾਂ ਨੂੰ ਦਿਖਾਉਣ ਅਤੇ ਖੇਤੀ ਮਾਹਿਰਾਂ ਦੁਆਰਾ ਖੇਤੀ ਨੂੰ ਲਾਹੇਵੰਦ ਬਣਾਉਣ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਡਾ. ਦਲੇਰ ਸਿੰਘ ਰਿਟਾਇਰਡ ਪ੍ਰੋ. ਪ੍ਰਸਾਰ ਵਿਭਾਗ ਪੰਜਾਬ ਖੇਤੀ ਯੂਨੀਵਰਸਿਟੀ ਅਤੇ ਗੁਰਦੇਵ ਸਿੰਘ ਰਿਟਾਇਰਡ ਜੁਆਇੰਟ ਡਾਇਰੈਕਟਰ ਖੇਤੀਬਾੜੀ ਵਿਭਾਗ ਪੰਜਾਬ ਨੇ ਕਿਹਾ ਕਿ ਉੱਤਮ ਖੇਤੀਬਾੜੀ ਲਈ ਸੂਬੇ ਦੇ ਨੌਜਵਾਨ ਕੋਰਸ ਕਰਨ ਤਾਂ ਜੋ ਲਾਹੇਵੰਦ ਖੇਤੀ ਦੇ ਨਾਲ-ਨਾਲ ਮੱਛੀ ਪਾਲਣ, ਸੂਰ ਪਾਲਣ, ਮੱਖੀ ਪਾਲਣ, ਬਾਗ਼ਬਾਨੀ ਆਦਿ ਸਹਾਇਕ ਧੰਦੇ ਸ਼ੁਰੂ ਕਰਨ ਲਈ ਸਰਕਾਰੀ ਸਕੀਮਾਂ ਰਾਹੀਂ ਮਿਲਣ ਵਾਲੀ ਸਬਸਿਡੀ ਦਾ ਫ਼ਾਇਦਾ ਲੈਣਾ ਚਾਹੀਦਾ ਹੈ। ਇਸ ਮੌਕੇ ਖੇਤੀਬਾੜੀ ਮਾਹਿਰ ਗੁਰਪ੍ਰੀਤ ਸਿੰਘ ਦਬੜੀ ਖਾਨਾ ਨੇ ਕਿਹਾ ਕਿ ਯੂਨੀਵਰਸਿਟੀ ਦੁਆਰਾ ਕਿਸਾਨਾਂ ਤੋਂ ਗਲਤ ਤਰੀਕਿਆਂ ਨਾਲ ਝੋਨੇ ਦੀ ਬਿਜਾਈ ਕਰਵਾਈ ਜਾ ਰਹੀ ਹੈ ਜਿਸ ਨਾਲ ਉਨ੍ਹਾਂ ਦਾ ਫ਼ਾਇਦਾ ਹੋਣ ਦੀ ਬਜਾਏ ਕਾਰਪੋਰੇਟ ਘਰਾਨਿਆਂ ਦਾ ਲੁਕਵੇਂ ਢੰਗ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਇਸ ਦੁਬਿਧਾ ‘ਚੋਂ ਨਿਕਲਣ ਲਈ ਪੁਰਾਤਨ ਤਰੀਕਿਆਂ ਨੂੰ ਅਪਣਾ ਕੇ ਕੁਦਰਤੀ ਢੰਗ ਨਾਲ ਬਿਨਾਂ ਕੱਦੂ ਕੀਤੇ ਖੇਤੀ ਕਰਨੀ ਚਾਹੀਦੀ ਹੈ, ਜਿਸ ਨਾਲ ਜਿੱਥੇ ਬਿਨਾਂ ਕੱਦੂ ਤੋ ਬਿਜਾਈ ਕੀਤੀ ਝੋਨੇ ‘ਤੇ ਲਾਗਤ ਘੱਟ ਆਉਂਦੀ ਹੈ ਤੇ ਨਦੀਨ ਨਾਸ਼ਕ ਦਵਾਈਆਂ ਉੱਪਰ ਖ਼ਰਚ ਵੀ ਨਾ-ਮਾਤਰ ਆਉਂਦਾ ਹੈ ਅਤੇ ਪਾਣੀ ਦੀ ਬੱਚਤ ਦੇ ਨਾਲ ਖੇਤੀ ਦਾ ਝਾੜ ਵੀ ਵਧ ਨਿਕਲਦਾ ਹੈ। ਇਸ ਮੌਕੇ ਕਿਸਾਨ ਆਗੂ ਨਿਰਮਲ ਸਿੰਘ ਮਾਣੂੰਕੇ ਨੇ ਆਏ ਹੋਏ ਖੇਤੀ ਮਾਹਿਰਾਂ ਤੇ ਕਿਸਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹਰਪ੍ਰੀਤ ਸਿੰਘ ਦੀਦਾਰੇ ਵਾਲਾ, ਜੁਗਰਾਜ ਸਿੰਘ ਰਾਜਾ ਦੌਲਤਪੁਰਾ, ਅਵਤਾਰ ਸਿੰਘ ਦੌਲਤਪੁਰਾ, ਜਸਵਿੰਦਰ ਸਿੰਘ ਦੀਨਾ ਸਾਹਿਬ, ਅਵਤਾਰ ਸਿੰਘ ਮੱਲਕੇ, ਬਲਜਿੰਦਰ ਸਿੰਘ ਰੋਡੇ, ਰੁਪਿੰਦਰ ਸਿੰਘ ਦੀਦਾਰੇ ਵਾਲਾ ਇਕਾਈ ਪ੍ਰਧਾਨ ਬੀ.ਕੇ.ਯੂ. (ਲੱਖੋਵਾਲ) ਤੋਂ ਇਲਾਵਾ ਬੁੱਧ ਸਿੰਘ ਵਾਲਾ, ਮਾਣੂੰਕੇ ਅਤੇ ਹੋਰ ਪਿੰਡਾਂ ਤੋ ਆਏ ਕਿਸਾਨ ਹਾਜ਼ਰ ਸਨ।