ਕਿਸ਼ਨਪੁਰਾ ਕਲਾਂ, 21 ਜੁਲਾਈ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਅਤਿ ਦੀ ਪੈ ਰਹੀ ਗਰਮੀ ਤੇ ਹੁੰਮ੍ਹਸ ਨਾਲ ਜਿੱਥੇ ਲੋਕਾਂ ਦਾ ਜਿਉਣਾ ਬੇਹਾਲ ਹੋ ਗਿਆ ਹੈ ਉੱਥੇ ਲਗਾਤਾਰ ਲੱਗ ਰਹੇ ਬਿਜਲੀ ਕੱਟਾਂ ਨਾਲ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ| ਦਿਨ ਹੋਵੇ ਜਾਂ ਰਾਤ ਵਾਰ ਵਾਰ ਬਿਜਲੀ ਬੰਦ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਪਿੰਡ ਵਾਸੀ ਨਵੇਂ ਜਨਰੇਟਰ ਲਿਆਉਣ ਲਈ ਮਜ਼ਬੂਰ ਹਨ। ਇਸੇ ਕੜੀ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਇਕਾਈ ਪ੍ਰਧਾਨ ਬਿੰਦਰ ਸਿੰਘ ਨੇ ਦੱਸਿਆ ਕਿ ਨਵੇਂ ਜਨਰੇਟਰ ਲੈਣ ਜਾਣਾ ਸੀ ਪਰ ਬੀਤੀ ਰਾਤ ਬਿਜਲੀ ਦਾ ਕੋਈ ਕੱਟ ਨਹੀਂ ਲੱਗਾ| ਪ੍ਰਧਾਨ ਬਿੰਦਰ ਸਿੰਘ ਆਪਣੇ ਸਾਥੀਆਂ ਨਾਲ ਬਿਜਲੀ ਗਰਿੱਡ ਪਹੁੰਚੇ ਤਾਂ ਉਨ੍ਹਾਂ ਮੌਕੇ ’ਤੇ ਮੌਜੂਦ ਟੀ. ਐਸ. ਯੂ. ਦੇ ਪ੍ਰਧਾਨ ਹਰਮਿੰਦਰ ਸਿੰਘ ਮਾਨ ਤੇ ਹੋਰ ਬਿਜਲੀ ਅਧਿਕਾਰੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਪ੍ਰਧਾਨ ਬਿੰਦਰ ਸਿੰਘ ਨੇ ਕਿਹਾ ਕਿ ਜਿੱਥੇ ਬਿਜਲੀ ਦਾ ਕੱਟ ਲਗਾਉਣ ਨਾਲ ਪਿੰਡ ਵਾਸੀ ਰੋਸ ਜ਼ਾਹਿਰ ਪਾਵਰ ਕਾਮ ਦੇ ਅਧਿਕਾਰੀਆਂ ’ਤੇ ਕਰਦੇ ਹਨ ਪਰ ਉੱਥੇ ਬਿਜਲੀ ਵਿਚ ਸੁਧਾਰ ਆਉਣ ਨਾਲ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕਰਨਾ ਵੀ ਬਣਦਾ ਹੈ। ਟੀ. ਐਸ. ਯੂ. ਦੇ ਪ੍ਰਧਾਨ ਹਰਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਐਸ. ਡੀ. ਓ. ਗੁਰਮੀਤ ਸਿੰਘ ਭਿੰਡਰਾਂ, ਜੇ. ਈ. ਮੈਡਮ ਅੰਜਲੀ ਦੀ ਅਗਵਾਈ ਹੇਠ ਸਾਡੀ ਪੂਰੀ ਟੀਮ ਦਿਨ ਰਾਤ ਸੇਵਾ ਵਿਚ ਹਾਜ਼ਰ ਰਹਿੰਦੀ ਹੈ ਕਿਉਂਕਿ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਇਸ ਕਰਕੇ ਸਾਡਾ ਕੰਮ ਵੀ 24 ਘੰਟੇ ਨਿਰੰਤਰ ਜਾਰੀ ਰਹਿੰਦਾ ਹੈ। ਟੀ. ਐਸ. ਯੂ. ਦੇ ਪ੍ਰਧਾਨ ਹਰਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਬੀਤੇ ਚਾਰ ਪੰਜ ਦਿਨਾਂ ਤੋਂ ਪਿੰਡ ਦੇ ਚਾਰ ਪੰਜ ਟਰਾਂਸਫਾਰਮਰ ਸੜ ਜਾਣ ਕਰਕੇ ਬਿਜਲੀ ਦੀ ਵੱਡੀ ਸਮੱਸਿਆ ਸੀ ਪਰ ਨਵੇਂ ਟਰਾਂਸਫਾਰਮਰ ਲਾਉਣ ਨਾਲ ਸਪਲਾਈ ਚਾਲੂ ਕਰ ਦਿੱਤੀ ਗਈ ਹੈ| ਇਸ ਮੌਕੇ ਟੀ. ਐਸ. ਯੂ. ਦੇ ਪ੍ਰਧਾਨ ਹਰਮਿੰਦਰ ਸਿੰਘ ਮਾਨ, ਗਗਨਦੀਪ ਸਿੰਘ ਸਿਵੀਆ, ਬਰਿੰਦਰ ਸਿੰਘ ਮੱਲ੍ਹੀ, ਲਵਪ੍ਰੀਤ ਸਿੰਘ ਨਸੀਰੇਵਾਲਾ, ਰਜਿੰਦਰ ਸਿੰਘ, ਸੰਦੀਪ ਕੁਮਾਰ, ਭਗਵਾਨ ਸਿੰਘ ਲਾਈਨਮੈਨ, ਸੁਖਜਿੰਦਰ ਸਿੰਘ ਸ਼ੇਰਾ, ਅਮਨਦੀਪ ਸਿੰਘ ਲਾਈਨਮੈਨ, ਗੁਰਚਰਨ ਸਿੰਘ ਆਦਿ ਦਾ ਇਕਾਈ ਪ੍ਰਧਾਨ ਬਿੰਦਰ ਸਿੰਘ ਸੌਂਦ ਨੇ ਸਮੁੱਚੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ।