ਮੋਗਾ, 23 ਜੁਲਾਈ (ਸੁਰਿੰਦਰਪਾਲ ਸਿੰਘ)-ਅੱਜ ਇੰਦਰ ਸਿੰਘ ਗਿੱਲ ਨਗਰ ਮੋਗਾ ਦੇ ਮਹੱਲਾ ਵਾਸੀਆਂ ਦੀ ਇਕ ਵਿਸ਼ੇਸ਼ ਮੀਟਿੰਗ ਸ੍ਰੀ ਗੁਰੂ ਤੇਗ਼ ਬਹਾਦਰ ਗੁਰਦੁਆਰਾ ਸਾਹਿਬ ਵਿਖੇ ਹੋਈ, ਜਿਸ ਵਿਚ ਮਹੱਲੇ ਵਾਸੀਆਂ ਨੂੰ ਦਰਪੇਸ਼ ਵੱਖ-ਵੱਖ ਸਮੱਸਿਆਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਮਹੱਲੇ ਦੀਆਂ ਟੁੱਟੀਆਂ ਸੜਕਾਂ, ਗੰਦੇ ਪਾਣੀ ਦੀ ਨਿਕਾਸੀ, ਸੀਵਰੇਜ ਦੀ ਸਮੱਸਿਆ, ਸਟਰੀਟ ਲਾਈਟਾਂ ਦੀ ਘਾਟ, ਸਫ਼ਾਈ ਦੀ ਮਾੜੀ ਵਿਵਸਥਾ ਅਤੇ ਪੀਣ ਵਾਲੇ ਪਾਣੀ ਦੀ ਅਨਿਸਚਿਤ ਸਪਲਾਈ ਵਰਗੇ ਮੁੱਦੇ ਉਠਾਏ ਗਏ। ਮਹੱਲਾ ਕਮੇਟੀ ਨੇ ਸੰਬੰਧਿਤ ਵਿਭਾਗਾਂ ਅਤੇ ਨਗਰ ਕੌਂਸਲ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਸਮੱਸਿਆਵਾਂ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਤਾਂ ਜੋ ਇਲਾਕਾ ਵਾਸੀਆਂ ਨੂੰ ਹੋ ਰਹੀ ਪ੍ਰੇਸ਼ਾਨੀ ਤੋਂ ਰਾਹਤ ਮਿਲ ਸਕੇ। ਮਹੱਲਾ ਵਾਸੀਆਂ ਨੇ ਕਿਹਾ ਕਿ ਜੇਕਰ ਸਮੱਸਿਆਵਾਂ ਦਾ ਸਮੇਂ ਸਿਰ ਹੱਲ ਨਾ ਕੀਤਾ ਗਿਆ ਤਾਂ ਮਹੱਲਾ ਵਾਸੀ ਲੋਕਤੰਤਰੀ ਢੰਗ ਨਾਲ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਲੋਕਾਂ ਦੀਆਂ ਬੁਨਿਆਦੀ ਲੋੜਾਂ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕੀਤਾ ਜਾਵੇ। ਇਸ ਮੌਕੇ ਵੱਡੀ ਗਿਣਤੀ ਵਿਚ ਮਹੱਲਾ ਵਾਸੀ ਹਾਜ਼ਰ ਸਨ। ਹਾਜ਼ਰ ਮੈਂਬਰਾਂ ਨੇ ਮਹੱਲੇ ਦੀਆਂ ਸਮੱਸਿਆਵਾਂ ਦੇ ਹੱਲ ਲਈ 31 ਮੈਂਬਰੀ ਕਮੇਟੀ ਦਾ ਵੀ ਗਠਨ ਕੀਤਾ। ਕਮੇਟੀ ਮੈਂਬਰਾਂ ਵਿਚ ਮੁੱਖ ਤੌਰ ‘ਤੇ ਬਲਕਰਨ ਮੋਗਾ, ਗੁਰਸੇਵਕ ਸਿੰਘ ਸੰਨਿਆਸੀ, ਬੀਬੀ ਨਰਿੰਦਰ ਕੌਰ ਭੰਮ, ਬੇਅੰਤ ਕੌਰ, ਗੁਰਸੇਵਕ ਸਿੰਘ ਧਾਲੀਵਾਲ, ਜੋਗਿੰਦਰ ਸਿੰਘ ਸਿੱਧੂ, ਡਾ. ਗੁਰਮੀਤ ਕੌਰ, ਵਰਿੰਦਰ ਕੌਰ, ਹਾਕਮ ਸਿੰਘ ਗਿੱਲ, ਲਛਮਣ ਸਿੰਘ ਢਿੱਲੋਂ, ਜਸਵਿੰਦਰ ਕੌਰ, ਗੁਰਜੀਤ ਕੌਰ, ਰਣਜੀਤਪਾਲ ਰਾਜੂ, ਗੁਰਵੀਰ ਸਿੰਘ ਰਾਜਾ, ਪਰਮਿੰਦਰ ਕੌਰ, ਕੁਲਵੰਤ ਕੌਰ, ਗੁਰਵੀਰ ਸਿੰਘ ਰਾਜਾ, ਸ਼ਿਵਦੇਵ ਸਿੰਘ ਸ਼ਿੰਦਾ, ਬਲਵਿੰਦਰ ਸਿੰਘ, ਮੇਜਰ ਸਿੰਘ, ਸ਼ਿੰਦਰਪਾਲ ਕੌਰ, ਬਲਜੀਤ ਕੌਰ, ਜਰਨੈਲ ਕੌਰ, ਨਵਜੋਤ ਗਿੱਲ, ਮੱਖਣ ਸਿੰਘ, ਨਿਰਮਲ ਸਿੰਘ ਖੋਸਾ, ਗਿੰਦਰ ਸਿੰਘ ਆਦਿ ਚੁਣੇ ਗਏ।