ਮਹਿਰਾ ਕਸ਼ਯਪ ਰਾਜਪੂਤ ਭਲਾਈ ਬੋਰਡ ਨਾ ਬਣਾਉਣ ’ਤੇ ਸਰਕਾਰ ਖਿਲਾਫ ਵੱਡੀ ਮੁਹਿੰਮ ਸ਼ੁਰੂ ਕਰਾਂਗੇ-ਦੀਪ ਕੰਵਲ ਮਹਿਰਾ
ਮੋਗਾ, 9 ਅਗਸਤ (ਸੁਰਿੰਦਰਪਾਲ ਸਿੰਘ)-ਪੰਜਾਬੀ ਗਾਇਕ ਅਤੇ ਸਮਾਜ ਸੇਵੀ ਦੀਪ ਕੰਵਲ ਮਹਿਰਾ ਨੇ ਮੌਜੂਦਾ ਸਰਕਾਰ ਖਿਲਾਫ ਵੱਡੀ ਮੁਹਿੰਮ ਸ਼ੁਰੂ ਕਰਨ ਦੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਪਹਿਲਾਂ ਦੀਆਂ ਸਰਕਾਰਾਂ ਵਾਂਗ ਮੌਜੂਦਾ ਸਰਕਾਰ ਨੇ ਵੀ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਤੇ ਉਨ੍ਹਾਂ ਦੇ ਪਰਿਵਾਰ ਦੀ ਕੁਰਬਾਨੀ ਨੂੰ ਭੁਲਾ ਦਿੱਤਾ ਹੈ ਜਿਸ ਕਾਰਨ ਸਮੁੱਚੇ ਭਾਈਚਾਰੇ ਵਿਚ ਇਸ ਦਾ ਰੋਸ ਹੈ| ਦੀਪ ਕੰਵਲ ਮਹਿਰਾ ਨੇ ਦੱਸਿਆ ਕੀ ਸਾਢੇ ਚਾਰ ਸਾਲ ਬੀਤਣ ਦੇ ਬਾਅਦ ਵੀ ਸਰਕਾਰ ਦੇ ਕੰਨ ’ਤੇ ਜੂੰ ਨਹੀਂ ਸਰਕੀ| ਪੰਜਾਬ ਵਿਚ ਸਾਰੇ ਹੀ ਭਾਈਚਾਰਿਆਂ ਦੇ ਭਲਾਈ ਬੋਰਡ ਬਣਾਏ ਗਏ ਹਨ ਸਿਰਫ ਮਹਿਰਾ ਕਸ਼ਯਪ ਰਾਜਪੂਤ ਭਾਈਚਾਰੇ ਦਾ ਬੋਰਡ ਨਹੀਂ ਹੈ| ਧੰਨ ਧੰਨ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਬਾਰੇ ਜਦੋਂ ਅਸੀਂ ਪੜ੍ਹਦੇ ਆਂ ਜਾਂ ਸੁਣਦੇ ਆਂ ਬਾਬਾ ਜੀ ਨੇ ਸੱਚੀ ਸੇਵਾ ਨੂੰ ਹੀ ਆਪਣਾ ਧਰਮ ਸਮਝਿਆ ਫਿਰ ਵੀ ਸਰਕਾਰਾਂ ਨੇ ਸਾਨੂੰ ਅਣਗੌਲਿਆ ਕੀਤਾ| ਆਉਣ ਵਾਲੇ ਦਿਨਾਂ ਵਿਚ ਸਮੁੱਚੇ ਭਾਈਚਾਰੇ ਵਲੋਂ ਪੰਜਾਬ ਦੇ ਹਰ ਜ਼ਿਲੇ੍ਹ ਵਿਚ ਇਕ ਵੱਡੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ ਅਤੇ ਅਣਗੌਲੇ ਕੀਤੇ ਗਏ ਭਾਈਚਾਰੇ ਵਲੋਂ ਕੀਤੇ ਜਾ ਰਹੇ ਇਸ ਇਕੱਠ ਦਾ ਨਤੀਜਾ ਸਰਕਾਰ ਨੂੰ 2027 ਵਿਚ ਭੁਗਤਣਾ ਪਵੇਗਾ|