ਯੁਵਕ ਸੇਵਾਵਾਂ ਵਿਭਾਗ ਮੋਗਾ ਵਲੋਂ ਅੰਤਰ-ਰਾਸ਼ਟਰੀ ਯੁਵਕ ਦਿਵਸ ਮਨਾਇਆ
ਮੋਗਾ, 17 ਅਗਸਤ (ਸੁਰਿੰਦਰਪਾਲ ਸਿੰਘ)-ਡਾਇਰੈਕਟੋਰੇਟ ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੰਜਾਬ ਰਾਜ ਏਡਜ਼ ਕੰਟਰੋਲ ਸੁਸਾਇਟੀ ਚੰਡੀਗੜ੍ਹ ਦੇ ਸਹਿਯੋਗ ਨਾਲ ਦਵਿੰਦਰ ਸਿੰਘ ਲੋਟੇ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਮੋਗਾ ਦੀ ਅਗਵਾਈ ਵਿਚ ਡੀ. ਐਮ.
ਯ
ਯੁਵਕ ਸੇਵਾਵਾਂ ਵਿਭਾਗ ਮੋਗਾ ਵਲੋਂ ਮਨਾਏ ਅੰਤਰ-ਰਾਸ਼ਟਰੀ ਯੁਵਕ ਦਿਵਸ ਦੌਰਾਨ ਪੁੱਜੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਦੇ ਵਿਭਾਗ ਦੇ ਅਧਿਕਾਰੀ। ਤਸਵੀਰ: ਹਰਜੀਤ ਸਿੰਘ
18-08-2026
ਮੋਗਾ, 17 ਅਗਸਤ (ਸੁਰਿੰਦਰਪਾਲ ਸਿੰਘ)-ਡਾਇਰੈਕਟੋਰੇਟ ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੰਜਾਬ ਰਾਜ ਏਡਜ਼ ਕੰਟਰੋਲ ਸੁਸਾਇਟੀ ਚੰਡੀਗੜ੍ਹ ਦੇ ਸਹਿਯੋਗ ਨਾਲ ਦਵਿੰਦਰ ਸਿੰਘ ਲੋਟੇ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਮੋਗਾ ਦੀ ਅਗਵਾਈ ਵਿਚ ਡੀ.ਐਮ. ਕਾਲਜ ਆਫ਼ ਐਜੂਕੇਸ਼ਨ ਮੋਗਾ ਵਿਖੇ ਅੰਤਰ-ਰਾਸ਼ਟਰੀ ਯੁਵਕ ਦਿਵਸ ਮਨਾਇਆ ਗਿਆ, ਜਿਸ ਵਿਚ ਜ਼ਿਲ੍ਹੇ ਵਿਚ ਸਥਾਪਿਤ ਰੈਡ ਰਿਬਨ ਕਲੱਬ ਕਾਲਜਾਂ ਦੇ ਨੋਡਲ ਅਫ਼ਸਰਾਂ ਅਤੇ ਪੀਅਰ ਐਜੂਕੇਟਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਮੁੱਖ ਬੁਲਾਰੇ ਦੇ ਤੌਰ ‘ਤੇ ਡਾ. ਸੁਰਜੀਤ ਸਿੰਘ ਦੌਧਰ ਸਮਾਜ ਸੇਵੀ ਨੇ ਨਸ਼ਿਆਂ ਵਰਗੀ ਭਿਆਨਕ ਬਿਮਾਰੀ ਜੋ ਕਿ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ, ਉਸ ਬਾਰੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਅੱਜ ਦੇ ਨੌਜਵਾਨ ਨਸ਼ਿਆਂ ਵਿਚ ਗ੍ਰਸਤ ਹੋ ਕੇ ਆਪਣੀ ਜਵਾਨੀ ਦਾ ਘਾਣ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅਤੇ ਸਮਾਜ ਨੂੰ ਨਸ਼ਾ ਮੁਕਤ ਕਰਨ ਲਈ ਪੜ੍ਹੀ ਲਿਖੀ ਅਤੇ ਸੂਝਵਾਨ ਨੌਜਵਾਨ ਪੀੜ੍ਹੀ ਨੂੰ ਅਜਿਹੇ ਪ੍ਰੋਗਰਾਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਪ੍ਰੋਗਰਾਮ ਵਿਚ ਹਰੇਕ ਮੈਂਬਰ ਵਲੋਂ ਨਸ਼ਾ ਨਾ ਕਰਨ ਤੇ ਨਾ ਹੀ ਹੋਣ ਦੇਣ ਦਾ ਪ੍ਰਣ ਲਿਆ। ਪ੍ਰੋਗਰਾਮ ਦੇ ਬੁਲਾਰੇ ਡਾ. ਦੀਪਕ ਕੁਮਾਰ ਨੇ ਏਡਜ਼ ਦੇ ਭਿਆਨਕ ਨਤੀਜਿਆਂ, ਏਡਜ਼ ਹੋਣ ਦੇ ਕਾਰਨਾਂ ਅਤੇ ਉਸ ਦੇ ਬਚਾਅ ਸਬੰਧੀ ਭਰਪੂਰ ਜਾਣਕਾਰੀ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ ਸਮਾਜ ਨੂੰ ਅਜਿਹੇ ਲੋਕਾਂ ਪ੍ਰਤੀ ਘ੍ਰਿਣਾ ਨਹੀਂ ਕਰਨੀ ਚਾਹੀਦੀ ਸਗੋਂ ਉਨ੍ਹਾਂ ਪ੍ਰਤੀ ਵੱਧ ਤੋਂ ਵੱਧ ਨਿਮਰਤਾ ਭਰਿਆ ਵਤੀਰਾ ਅਪਣਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਏਡਜ਼ ਦੀ ਬਿਮਾਰੀ ਨਾਲ ਸਬੰਧਿਤ ਲੱਛਣਾਂ ਅਤੇ ਇਲਾਜ ਸਬੰਧੀ ਭਰਪੂਰ ਜਾਣਕਾਰੀ ਸਾਂਝੀ ਕੀਤੀ। ਤੀਸਰੇ ਬੁਲਾਰੇ ਡਾ. ਹਰਜੀਤ ਸਿੰਘ ਰਤਨ ਲੁਧਿਆਣਾ ਨੇ ਖ਼ੂਨਦਾਨ ਮਹਾਂਦਾਨ ਬਾਰੇ ਆਪਣੇ ਵਿਚਾਰ ਨੌਜਵਾਨਾਂ ਨਾਲ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਖ਼ੂਨਦਾਨ ਕਰਨ ਨਾਲ ਕਿਸੇ ਵੀ ਲੋੜਵੰਦ ਦੀ ਜਾਨ ਬਚਾਈ ਜਾ ਸਕਦੀ ਹੈ ਅਤੇ ਇਸ ਦੇ ਨਾਲ-ਨਾਲ ਆਪਣਾ ਸਰੀਰ ਵੀ ਤੰਦਰੁਸਤ ਰਹਿੰਦਾ ਹੈ। ਅੰਤਰ-ਰਾਸ਼ਟਰੀ ਯੁਵਕ ਦਿਵਸ ਮੌਕੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਵਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਸਮੇਂ ਦਵਿੰਦਰ ਸਿੰਘ ਲੋਟੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਮੋਗਾ ਨੇ ਵਿਭਾਗੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕਾਲਜਾਂ ਵਿਚ ਕੰਮ ਕਰ ਰਹੀਆਂ ਰੈੱਡ ਰਿਬਨ ਕਲੱਬਾਂ ਵਲੋਂ ਨਸ਼ਿਆਂ, ਐਚ.ਆਈ.ਵੀ./ਏਡਜ਼, ਟੀ.ਬੀ. ਤੋਂ ਬਚਾਅ ਅਤੇ ਖ਼ੂਨਦਾਨ ਸਬੰਧੀ ਨੌਜਵਾਨਾਂ ਅਤੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ ਨੌਜਵਾਨਾਂ ਨੂੰ ਖ਼ੂਨਦਾਨ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਤਰਨਜੀਤ ਕੌਰ ਸਟੈਨੋ, ਐਡਵੋਕੇਟ ਗੁਰਪ੍ਰੀਤ ਸਿੰਘ ਅਤੇ ਰੈੱਡ ਰਿਬਨ ਕਲੱਬ ਦੇ ਨੋਡਲ ਅਫ਼ਸਰ ਡਾ. ਰਜਨੀ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਵੱਖ-ਵੱਖ ਕਾਲਜਾਂ ਤੋਂ ਆਏ ਨੋਡਲ ਅਫ਼ਸਰ ਪ੍ਰੋ. ਗੁਰਪ੍ਰੀਤ ਸਿੰਘ ਘਾਲੀ, ਪ੍ਰੋ. ਨੀਤੂ ਅਰੋੜਾ, ਪ੍ਰੋ. ਅਵਨੀਤ ਕੌਰ, ਪ੍ਰੋ. ਜੋਸਫ, ਪ੍ਰੋ. ਕਿਰਨਜੀਤ ਕੌਰ, ਪ੍ਰਦੀਪ ਕੁਮਾਰ ਆਦਿ ਨੇ ਸ਼ਮੂਲੀਅਤ ਕੀਤੀ।