ਬਲੂਮਿੰਗ ਬਡਜ਼ ਸਕੂਲ ਦੀ ਖਿਡਾਰਨ ਜੈਨੀਫਰ ਨੇ ਜਿੱਤਿਆ ਰਾਜ ਪੱਧਰੀ ਖੇਡਾਂ ’ਚ ਸਿਲਵਰ ਮੈਡਲ
ਮੋਗਾ, 23 ਸਤੰਬਰ (ਸੁਰਿੰਦਰਪਾਲ ਸਿੰਘ)-ਮੋਗਾ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਸਿੱਖਿਆ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿਚ ਵੀ ਲਗਾਤਾਰ ਸ਼ਾਨਦਾਰ ਪ੍ਰਾਪਤੀਆਂ ਦਰਜ ਕਰ ਰਹੀ ਹੈ।
ਮੋਗਾ, 23 ਸਤੰਬਰ (ਸੁਰਿੰਦਰਪਾਲ ਸਿੰਘ)-ਮੋਗਾ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਸਿੱਖਿਆ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿਚ ਵੀ ਲਗਾਤਾਰ ਸ਼ਾਨਦਾਰ ਪ੍ਰਾਪਤੀਆਂ ਦਰਜ ਕਰ ਰਹੀ ਹੈ। ਸਕੂਲ ਵਲੋਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਆਪਣੀ ਪ੍ਰਤਿਭਾ ਨਿਖਾਰਨ ਲਈ ਉੱਚ ਪੱਧਰੀ ਸਹੂਲਤਾਂ, ਅਤਿ-ਆਧੁਨਿਕ ਖੇਡ ਢਾਂਚਾ ਅਤੇ ਮਾਹਿਰ ਕੋਚਾਂ ਦੀ ਸਿਖਲਾਈ ਮੁਹੱਈਆ ਕਰਵਾਈ ਜਾ ਰਹੀ ਹੈ, ਜਿਸ ਦੇ ਨਤੀਜੇ ਵਜੋਂ ਸਕੂਲ ਦੇ ਖਿਡਾਰੀ ਰਾਜ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਆਪਣੀ ਪਛਾਣ ਬਣਾ ਰਹੇ ਹਨ । ਇਸੇ ਲੜੀ ਤਹਿਤ ਬਲੂਮਿੰਗ ਬਡਜ਼ ਸਕੂਲ ਦੀ ਬੈਡਮਿੰਟਨ ਦੀ ਖਿਡਾਰਨ ਜੈਨੀਫਰ ਨੇ 70ਵੀਂ ਪੰਜਾਬ ਸਕੂਲ ਖੇਡਾਂ ਦੌਰਾਨ ਆਪਣੀ ਖੇਡ ਦਾ ਪ੍ਰਦਰਸ਼ਨ ਕਰਕੇ ਸਿਲਵਰ ਮੈਡਲ ਜਿੱਤਿਆ ਤੇ ਆਪਣੇ ਸਕੂਲ, ਜ਼ਿਲ੍ਹੇ ਅਤੇ ਮਾਪਿਆ ਦਾ ਨਾਂਅ ਰੌਸ਼ਨ ਕੀਤਾ। ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਮੋਗਾ ਜ਼ਿਲ੍ਹੇ ਦੀ ਅੰਡਰ-14 ਲੜਕੀਆਂ ਦੀ ਬੈਡਮਿੰਟਨ ਟੀਮ ਨੇ ਸਕੂਲ ਸਟੇਟ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਹਾਸਲ ਕਰਕੇ ਸਿਲਵਰ ਮੈਡਲ ਆਪਣੇ ਨਾਮ ਕੀਤਾ। ਇਸ ਉਪਲਬਧੀ ਵਿਚ ਬਲੂਮਿੰਗ ਬਡਜ਼ ਸਕੂਲ, ਮੋਗਾ ਦੀ ਹੋਣਹਾਰ ਖਿਡਾਰਨ ਜੈਨੀਫਰ ਨੇ ਅਹਿਮ ਭੂਮਿਕਾ ਨਿਭਾਈ। ਪ੍ਰੀ-ਕੁਆਰਟਰ ਫਾਈਨਲ ਮੁਕਾਬਲੇ ਵਿਚ ਮੋਗਾ ਦੀ ਟੀਮ ਨੇ ਪਠਾਨਕੋਟ ਨੂੰ ਹਰਾਉਂਦਿਆਂ ਅਗਲੇ ਪੜਾਅ ਵਿਚ ਪ੍ਰਵੇਸ਼ ਕੀਤਾ। ਇਸ ਤੋਂ ਬਾਅਦ ਕੁਆਰਟਰ ਫਾਈਨਲ ਵਿਚ ਟੀਮ ਨੇ ਮੋਹਾਲੀ ਨੂੰ ਮਾਤ ਦਿੱਤੀ ਅਤੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ। ਸੈਮੀਫਾਈਨਲ ਮੁਕਾਬਲਾ ਮੋਗਾ ਅਤੇ ਜਲੰਧਰ ਦੀਆਂ ਟੀਮਾਂ ਵਿਚਕਾਰ ਹੋਇਆ। ਦੋਵਾਂ ਟੀਮਾਂ ਵਲੋਂ ਸ਼ਾਨਦਾਰ ਅਤੇ ਰੋਮਾਂਚਕ ਖੇਡ ਦਾ ਪ੍ਰਦਰਸ਼ਨ ਕੀਤਾ ਗਿਆ, ਮੋਗਾ ਦੀਆਂ ਖਿਡਾਰਨਾਂ ਨੇ ਆਪਣੇ ਹੁਨਰ, ਆਤਮਵਿਸ਼ਵਾਸ ਅਤੇ ਟੀਮ ਵਰਕ ਦਾ ਪ੍ਰਦਰਸ਼ਨ ਕਰਦਿਆਂ ਜਲੰਧਰ ਨੂੰ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਫਾਈਨਲ ਮੁਕਾਬਲੇ ਵਿਚ ਮੋਗਾ ਦਾ ਸਾਹਮਣਾ ਲੁਧਿਆਣਾ ਦੀ ਮਜ਼ਬੂਤ ਟੀਮ ਨਾਲ ਹੋਇਆ। ਮੁਕਾਬਲੇ ਦੇ ਅੰਤ ਵਿਚ ਮੋਗਾ ਜ਼ਿਲ੍ਹੇ ਦੀ ਟੀਮ ਨੇ ਦੂਜਾ ਸਥਾਨ ਹਾਸਲ ਕਰਦਿਆਂ ਸਿਲਵਰ ਮੈਡਲ ਜਿੱਤਿਆ। ਇਹ ਪ੍ਰਾਪਤੀ ਮੋਗਾ ਦੇ ਸਕੂਲੀ ਖੇਡ ਇਤਿਹਾਸ ਵਿਚ ਇਕ ਹੋਰ ਮਹੱਤਵਪੂਰਨ ਉਪਲਬਧੀ ਵਜੋਂ ਦਰਜ ਹੋਈ ਹੈ। ਇਸ ਸਫਲਤਾ ਵਿਚ ਬਲੂਮਿੰਗ ਬਡਜ਼ ਸਕੂਲ ਦੀ ਖਿਡਾਰਨ ਜੈਨੀਫਰ ਦਾ ਪ੍ਰਦਰਸ਼ਨ ਵਿਸ਼ੇਸ਼ ਤੌਰ ‘ਤੇ ਸ਼ਲਾਘਾਯੋਗ ਰਿਹਾ। ਜੈਨੀਫਰ ਲਈ ਇਸ ਮੌਕੇ ਇਕ ਹੋਰ ਵੱਡੀ ਪ੍ਰਾਪਤੀ ਵੀ ਸਾਹਮਣੇ ਆਈ ਹੈ, ਉਸ ਦੀ ਚੋਣ ਨੈਸ਼ਨਲ ਕੈਂਪ ਲਈ ਹੋਈ ਹੈ। ਇਹ ਉਸ ਦੀ ਖੇਡ ਪ੍ਰਤੀ ਲਗਾਤਾਰ ਮਿਹਨਤ ਅਤੇ ਸਮਰਪਣ ਦਾ ਪ੍ਰਮਾਣ ਹੈ। ਜੈਨੀਫਰ ਨੇ ਹੁਣ ਤੱਕ ਬੈਡਮਿੰਟਨ ਦੇ ਖੇਤਰ ਵਿਚ 6 ਸਟੇਟ ਮੈਡਲ ਆਪਣੇ ਨਾਮ ਕੀਤੇ ਹਨ ਅਤੇ ਇਹ ਉਸ ਦੀ ਦੂਜੀ ਵਾਰ ਨੈਸ਼ਨਲ ਖੇਡਾਂ ਲਈ ਚੋਣ ਹੈ। ਖਿਡਾਰੀਆਂ ਨੂੰ ਮਾਹਿਰ ਕੋਚ ਪੰਜਾਬ ਮਸੀਹ ਦੀ ਅਗਵਾਈ ਅਤੇ ਮਾਰਗ ਦਰਸ਼ਨ ਹੇਠ ਬੈਡਮਿੰਟਨ ਦੀ ਸਿਖਲਾਈ ਦਿੱਤੀ ਜਾਂਦੀ ਹੈ। ਮੋਗਾ ਦੀ ਅੰਡਰ-14 ਲੜਕੀਆਂ ਦੀ ਟੀਮ ਵਲੋਂ ਸਟੇਟ ਪੱਧਰ ‘ਤੇ ਚਾਂਦੀ ਦਾ ਤਮਗ਼ਾ ਜਿੱਤਣ ‘ਤੇ ਬਲੂਮਿੰਗ ਬਡਜ਼ ਸਕੂਲ ਦੇ ਪ੍ਰਬੰਧਕਾਂ, ਕੋਚਾਂ, ਖਿਡਾਰੀਆਂ ਅਤੇ ਮਾਪਿਆਂ ਵਲੋਂ ਪੂਰੀ ਟੀਮ ਨੂੰ ਵਧਾਈ ਦਿੱਤੀ ਗਈ।