ਲਰਨਿੰਗ ਫ਼ੀਲਡ ਏ ਗਲੋਬਲ ਸਕੂਲ ਮੋਗਾ ਵਿਖੇ ਮਨੀ ਐਕਟੀਵਿਟੀ ਕਰਵਾਈ
ਮੋਗਾ, 11 ਅਕਤੂਬਰ (ਸੁਰਿੰਦਰਪਾਲ ਸਿੰਘ)-ਸਥਾਨਕ ਲਰਨਿੰਗ ਫ਼ੀਲਡ ਏ ਗਲੋਬਲ ਸਕੂਲ ਵਿਖੇ ਪਹਿਲੀ ਤੋਂ ਤੀਜੀ ਜਮਾਤ ਦੇ ਵਿਦਿਆਰਥੀਆਂ ਲਈ ਇਕ ਦਿਲਚਸਪ ਅਤੇ ਵਿਵਹਾਰਿਕ ਮਨੀ ਐਕਟੀਵਿਟੀ ਦਾ ਆਯੋਜਨ ਕੀਤਾ ਗਿਆ। ਇਸ ਗਤੀਵਿਧੀ ਦਾ ਮੁੱਖ ਉਦੇਸ਼ ਗਣਿਤ ਦੇ ਮੂਲ ਸਿਧਾਂਤਾਂ ਨੂੰ ਰੋਜ਼ਾਨਾ ਜੀਵਨ ਦੇ ਤਜਰਬਿਆਂ ਨਾਲ ਜੋੜ ਕੇ ਸੌਖਾ ਅਤੇ ਅਰਥਪੂਰਨ ਬਣਾਉਣਾ ਸੀ।
ਮੋਗਾ, 11 ਅਕਤੂਬਰ (ਸੁਰਿੰਦਰਪਾਲ ਸਿੰਘ)-ਸਥਾਨਕ ਲਰਨਿੰਗ ਫ਼ੀਲਡ ਏ ਗਲੋਬਲ ਸਕੂਲ ਵਿਖੇ ਪਹਿਲੀ ਤੋਂ ਤੀਜੀ ਜਮਾਤ ਦੇ ਵਿਦਿਆਰਥੀਆਂ ਲਈ ਇਕ ਦਿਲਚਸਪ ਅਤੇ ਵਿਵਹਾਰਿਕ ਮਨੀ ਐਕਟੀਵਿਟੀ ਦਾ ਆਯੋਜਨ ਕੀਤਾ ਗਿਆ। ਇਸ ਗਤੀਵਿਧੀ ਦਾ ਮੁੱਖ ਉਦੇਸ਼ ਗਣਿਤ ਦੇ ਮੂਲ ਸਿਧਾਂਤਾਂ ਨੂੰ ਰੋਜ਼ਾਨਾ ਜੀਵਨ ਦੇ ਤਜਰਬਿਆਂ ਨਾਲ ਜੋੜ ਕੇ ਸੌਖਾ ਅਤੇ ਅਰਥਪੂਰਨ ਬਣਾਉਣਾ ਸੀ। ਇਸ ਦੌਰਾਨ ਸਕੂਲ ਕੰਪਲੈਕਸ ਵਿਚ ਇਕ ਬਾਜ਼ਾਰ ਦਾ ਦ੍ਰਿਸ਼ ਸਿਰਜਿਆ ਗਿਆ, ਜਿੱਥੇ ਨੰਨ੍ਹੇ ਵਿਦਿਆਰਥੀਆਂ ਨੇ ਖ਼ਰੀਦਦਾਰਾਂ ਅਤੇ ਦੁਕਾਨਦਾਰਾਂ ਵਜੋਂ ਉਤਸ਼ਾਹ ਪੂਰਵਕ ਹਿੱਸਾ ਲਿਆ। ਬੱਚਿਆਂ ਨੇ ਆਪੋ-ਆਪਣੇ ਸਟਾਲ ਲਗਾਏ ਅਤੇ ਡੰਮ੍ਹੀ (ਨਕਲੀ) ਨੋਟਾਂ ਤੇ ਸਿੱਕਿਆਂ ਰਾਹੀਂ ਲੈਣ ਦੇਣ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਰੰਸੀ ਦੀ ਪਛਾਣ, ਜੋੜ-ਘਟਾਓ, ਕੁੱਲ ਬਿੱਲ ਬਣਾਉਣਾ ਅਤੇ ਬਾਕੀ ਬਚੇ ਪੈਸੇ ਵਾਪਸ ਮੋੜਨ ਵਰਗੀਆਂ ਗਣਿਤਕ ਕਿਰਿਆਵਾਂ ਨੂੰ ਬੜੀ ਸਹਿਜਤਾ ਨਾਲ ਸਿੱਖਿਆ। ਇਸ ਸਰਗਰਮੀ ਨੇ ਨਾ ਸਿਰਫ਼ ਵਿਦਿਆਰਥੀਆਂ ਦੀ ਗਣਿਤਕ ਸਮਝ ਅਤੇ ਤਰਕਸ਼ੀਲ ਸੋਚ ਨੂੰ ਮਜ਼ਬੂਤ ਕੀਤਾ, ਸਗੋਂ ਉਨ੍ਹਾਂ ਵਿਚ ਵਿੱਤੀ ਜਾਗਰੂਕਤਾ, ਫ਼ੈਸਲੇ ਲੈਣ ਦੀ ਸਮਰੱਥਾ ਅਤੇ ਆਤਮ-ਵਿਸ਼ਵਾਸ ਵੀ ਪੈਦਾ ਕੀਤਾ। ਸਕੂਲ ਦੇ ਚੇਅਰਮੈਨ ਇੰਜੀਨੀਅਰ ਜਨੇਸ਼ ਗਰਗ ਨੇ ਇਸ ਨਿਵੇਕਲੀ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿਤਾਬੀ ਗਿਆਨ ਉਦੋਂ ਹੀ ਸਾਰਥਿਕ ਹੁੰਦਾ ਹੈ ਜਦੋਂ ਉਹ ਅਮਲੀ ਜੀਵਨ ਵਿਚ ਕੰਮ ਆਵੇ। ਸਾਡਾ ਮਕਸਦ ਬੱਚਿਆਂ ਨੂੰ ਸਿਰਫ਼ ਰੱਟਾ ਲਗਵਾਉਣਾ ਨਹੀਂ, ਸਗੋਂ ਉਨ੍ਹਾਂ ਵਿਚ ਅਜਿਹੀ ਸਮਝ ਅਤੇ ਜੀਵਨ ਜਾਂਚ ਪੈਦਾ ਕਰਨਾ ਹੈ ਤਾਂ ਜੋ ਉਹ ਭਵਿੱਖ ਦੀਆਂ ਚੁਣੌਤੀਆਂ ਦਾ ਆਤਮ-ਵਿਸ਼ਵਾਸ ਨਾਲ ਸਾਹਮਣਾ ਕਰ ਸਕਣ। ਸਕੂਲ ਦੀ ਡਾਇਰੈਕਟਰ ਡਾ. ਮੁਸਕਾਨ ਗਰਗ ਨੇ ਆਪਣੇ ਸੰਬੋਧਨ ਵਿਚ ਕਿਹਾ ਮੁੱਢਲੇ ਪੱਧਰ ‘ਤੇ ਖੇਡ ਆਧਾਰਿਤ ਅਤੇ ਅਮਲੀ ਸਿੱਖਿਆ ਬੱਚਿਆਂ ਦੇ ਮਾਨਸਿਕ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਨੀਤੂ ਡਾਂਡੀ, ਡੀਨ ਅਕਾਦਮਿਕ ਰਵਿੰਦਰ ਕੌਰ ਅਤੇ ਹੈੱਡ ਮਿਸਟ੍ਰੈੱਸ ਡਾ. ਸੋਨੀਆ ਸਚਦੇਵਾ ਨੇ ਅਧਿਆਪਕਾਂ ਦੇ ਰਚਨਾਤਮਿਕ ਯਤਨਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਸਕੂਲ ਭਵਿੱਖ ਵਿਚ ਵੀ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਅਜਿਹੀਆਂ ਵਿਹਾਰਕ ਸਿੱਖਿਆ ਪ੍ਰਣਾਲੀਆਂ ਨੂੰ ਜਾਰੀ ਰੱਖੇਗਾ।