ਮੌੜ ਨੌਂਆਬਾਦ ਦੇ ਖਰੀਦ ਕੇਂਦਰ ’ਚ ਚੁਕਾਈ ਨਾ ਹੋਣ ਕਾਰਨ ਬੋਰੀਆਂ ਦੇ ਲੱਗੇ ਅੰਬਾਰ
ਠੱਠੀ ਭਾਈ, 10 ਨਵੰਬਰ (ਜਗਰੂਪ ਸਿੰਘ ਮਠਾੜੂ)- ਮਾਰਕੀਟ ਕਮੇਟੀ ਬਾਘਾ ਪੁਰਾਣਾ ਅਧੀਨ ਪੈਂਦੇ ਪਿੰਡ ਮੌੜ ਨੌਂਆਬਾਦ ਦੇ ਖਰੀਦ ਕੇਂਦਰ ’ਚ ਵਿਕ ਚੁੱਕੇ ਝੋਨੇ ਦੀ ਸਮੇਂ ਸਿਰ ਚੁਕਾਈ ਨਾ ਹੋਣ ਕਾਰਨ ਬੋਰੀਆਂ ਦੇ ਵੱਡੇ-ਵੱਡੇ ਅੰਬਾਰ ਲੱਗ ਚੁੱਕੇ ਹਨ, ਜਿਸ ਕਾਰਨ ਖਰੀਦ ਕੇਂਦਰ ’ਚ ਨਵਾਂ ਝੋਨਾ ਸੁੱਟਣ ਲਈ ਥਾਂ ਦੀ ਭਾਰੀ ਘਾਟ ਪੈਦਾ ਹੋ ਗਈ ਹੈ। ਖਰੀਦ ਕੇਂਦਰ ਵਿਚ ਥਾਂ-ਥਾਂ ਲੱਗੇ ਬੋਰੀਆਂ ਦੇ ਅੰਬਾਰ ਸਰਕਾਰ ਅਤੇ ਸੰਬੰਧਿਤ ਖਰੀਦ ਏਜੰਸੀਆਂ ਦੇ ਲਿਫਟਿੰਗ ਪ੍ਰਬੰਧਾਂ ਦੀ ਪੋਲ ਖੋਲ੍ਹਦੇ ਨਜ਼ਰ ਆ ਰਹੇ ਹਨ।
ਠੱਠੀ ਭਾਈ, 10 ਨਵੰਬਰ (ਜਗਰੂਪ ਸਿੰਘ ਮਠਾੜੂ)- ਮਾਰਕੀਟ ਕਮੇਟੀ ਬਾਘਾ ਪੁਰਾਣਾ ਅਧੀਨ ਪੈਂਦੇ ਪਿੰਡ ਮੌੜ ਨੌਂਆਬਾਦ ਦੇ ਖਰੀਦ ਕੇਂਦਰ ’ਚ ਵਿਕ ਚੁੱਕੇ ਝੋਨੇ ਦੀ ਸਮੇਂ ਸਿਰ ਚੁਕਾਈ ਨਾ ਹੋਣ ਕਾਰਨ ਬੋਰੀਆਂ ਦੇ ਵੱਡੇ-ਵੱਡੇ ਅੰਬਾਰ ਲੱਗ ਚੁੱਕੇ ਹਨ, ਜਿਸ ਕਾਰਨ ਖਰੀਦ ਕੇਂਦਰ ’ਚ ਨਵਾਂ ਝੋਨਾ ਸੁੱਟਣ ਲਈ ਥਾਂ ਦੀ ਭਾਰੀ ਘਾਟ ਪੈਦਾ ਹੋ ਗਈ ਹੈ। ਖਰੀਦ ਕੇਂਦਰ ਵਿਚ ਥਾਂ-ਥਾਂ ਲੱਗੇ ਬੋਰੀਆਂ ਦੇ ਅੰਬਾਰ ਸਰਕਾਰ ਅਤੇ ਸੰਬੰਧਿਤ ਖਰੀਦ ਏਜੰਸੀਆਂ ਦੇ ਲਿਫਟਿੰਗ ਪ੍ਰਬੰਧਾਂ ਦੀ ਪੋਲ ਖੋਲ੍ਹਦੇ ਨਜ਼ਰ ਆ ਰਹੇ ਹਨ। ਇਸ ਸੰਬੰਧੀ ਕੁਝ ਕਿਸਾਨਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਆਪਣੀ ਝੋਨੇ ਦੀ ਫਸਲ ਲੈ ਕੇ ਖਰੀਦ ਕੇਂਦਰ ’ਚ ਪਹੁੰਚ ਰਹੇ ਹਨ ਪਰ ਬੋਰੀਆਂ ਦੀ ਚੁਕਾਈ ਨਾ ਹੋਣ ਕਾਰਨ ਉਨ੍ਹਾਂ ਨੂੰ ਆਪਣੀ ਫਸਲ ਸੁੱਟਣ ਲਈ ਲੋੜੀਂਦੀ ਜਗ੍ਹਾ ਨਹੀਂ ਮਿਲ ਰਹੀ। ਜਿਸ ਨਾਲ ਉਨ੍ਹਾਂ ਦੀਆਂ ਮੁਸ਼ਕਿਲਾਂ ਹੋਰ ਵਧ ਰਹੀਆਂ ਹਨ। ਉੱਧਰ ਮੰਡੀ ’ਚ ਕੰਮ ਕਰਦੇ ਮਜ਼ਦੂਰਾਂ ਨੇ ਆਪਣੀ ਪ੍ਰੇਸ਼ਾਨੀ ਬਿਆਨ ਕਰਦਿਆਂ ਕਿਹਾ ਕਿ ਬੋਰੀਆਂ ਦੀ ਚੁਕਾਈ ਨਾ ਹੋਣ ਕਾਰਨ ਉਨ੍ਹਾਂ ਨੂੰ ਭਰੀਆਂ ਹੋਈਆਂ ਬੋਰੀਆਂ ਵਾਰ-ਵਾਰ ਇੱਧਰ-ਉੱਧਰ ਕਰਕੇ ਥਾਂ ਬਣਾਉਣੀ ਪੈ ਰਹੀ ਹੈ| ਮਜ਼ਦੂਰਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਬੋਰੀਆਂ ਦੀ ਚੁਕਾਈ ਹੋ ਜਾਵੇ ਤਾਂ ਮੰਡੀ ’ਚ ਕੰਮ ਸੁਚਾਰੂ ਢੰਗ ਨਾਲ ਚੱਲ ਸਕਦਾ ਹੈ। ਸਰਕਾਰ ਵਲੋਂ ਖਰੀਦ ਪ੍ਰਬੰਧਾਂ ਨੂੰ ਸੁਚਾਰੂ ਬਣਾਉਣ ਦੇ ਕੀਤੇ ਜਾਂਦੇ ਦਾਅਵੇ ਇਸ ਖਰੀਦ ਕੇਂਦਰ ਵਿਚ ਬੁਰੀ ਤਰ੍ਹਾਂ ਫੇਲ੍ਹ ਹੁੰਦੇ ਦਿਖਾਈ ਦੇ ਰਹੇ ਹਨ। ਕਿਸਾਨਾਂ ਅਤੇ ਮਜ਼ਦੂਰਾਂ ਨੇ ਸੰਬੰਧਿਤ ਵਿਭਾਗਾਂ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਝੋਨੇ ਦੀਆਂ ਬੋਰੀਆਂ ਦੀ ਤੁਰੰਤ ਚੁਕਾਈ ਕਰਵਾਈ ਜਾਵੇ ।