ਸੰਗਰੂਰ, 6 ਜਨਵਰੀ (ਸੁਖਵਿੰਦਰ ਸਿੰਘ ਫੁੱਲ) - ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਚਾਬਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਿਪਟੀ ਕਮਿਸ਼ਨਰ ਰਿਹਾਇਸ਼ ਦੇ ਸਾਹਮਣੇ ਲੰਘਣ ਵਾਲੀ ਸੜਕ ਦੀ ਮੁਰੰਮਤ ਦਾ ਕੰਮ ਅਗਲੇ 15 ਦਿਨਾਂ ਵਿਚ ਸ਼ੁਰੂ ਹੋ ਜਾਵੇਗਾ | ਇਸ ਸਬੰਧੀ ਟੈਂਡਰ 1 ਜਨਵਰੀ ਨੂੰ ਖੋਲ੍ਹੇ ਜਾ ਚੁੱਕੇ ਹਨ | ਅਲਾਟਮੈਂਟ ਦੀ ਪ੍ਰਕਿਰਿਆ ਮੁਕੰਮਲ ਹੋਣ ਵਾਲੀ ਹੈ | ਉਨ੍ਹਾਂ ਕਿਹਾ ਕਿ ਇਸ ਸੜਕ ਦਾ 640 ਮੀਟਰ ਦਾ ਟੋਟਾ ਜਲ ਸਪਲਾਈ ਅਤੇ ਸੀਵਰੇਜ ਡਵੀਜ਼ਨ, ਸੰਗਰੂਰ ਵਲੋਂ ਜ਼ਰੂਰੀ ਪਾਈਪਾਂ ਪਾਉਣ ਲਈ ਤੋੜਿਆ ਗਿਆ ਸੀ, ਜਿਸ ਨੂੰ ਹੁਣ ਢੁਕਵੀਂ ਪ੍ਰਕਿਰਿਆ ਮੁਕੰਮਲ ਕਰਨ ਉਪਰੰਤ ਮੁੜ ਤੋਂ ਬਣਾਇਆ ਜਾ ਰਿਹਾ ਹੈ | ਸੜਕ ਬਣਾਉਣ ਲਈ ਜਲ ਸਪਲਾਈ ਅਤੇ ਸੀਵਰੇਜ ਡਵੀਜ਼ਨ, ਸੰਗਰੂਰ ਵਲੋਂ ਲੋੜੀਂਦੀ 1 ਕਰੋੜ 6 ਲੱਖ 74 ਹਜ਼ਾਰ 673 ਰੁਪਏ ਦੀ ਰਾਸ਼ੀ ਜਮ੍ਹਾਂ ਹੋ ਚੁੱਕੀ ਹੈ | ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਦੇ ਧਿਆਨ ਵਿਚ ਇੱਕ ਫ਼ੋਟੋ ਆਈ ਹੈ, ਜੋ ਕਿ ਏ ਆਈ (ਮਸਨੂਈ ਬੁੱਧੀ) ਨਾਲ ਤਿਆਰ ਕੀਤੀ ਗਈ ਹੈ ਅਤੇ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਉੱਪਰ ਘੁੰਮ ਰਹੀ ਹੈ | ਇਸ ਫ਼ੋਟੋ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਬਹੁਤ ਗੰਭੀਰਤਾ ਨਾਲ ਲਿਆ ਹੈ | ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਸੀ੍ਰ ਸਰਤਾਜ ਸਿੰਘ ਚਾਹਲ ਨੂੰ ਸ਼ਿਕਾਇਤ ਭੇਜ ਕੇ ਦੋਸ਼ੀ ਵਿਅਕਤੀ ਜਾਂ ਧਿਰ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਲਈ ਕਿਹਾ ਗਿਆ ਹੈ | ਦੱਸਣਯੋਗ ਹੈ ਕਿ ਇਸ ਤਸਵੀਰ ਵਿਚ ਦਿਖਾਏ ਗਏ ਇਕ ਬੋਰਡ ਉੱਪਰ ਲਿਖਿਆ ਹੈ ਇਹ ਸੜਕ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਹੀਂ ਬਣਵਾਈ | ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਜਿਸ ਜਗ੍ਹਾ ਇਹ ਬੋਰਡ ਲੱਗਿਆ ਹੋਇਆ ਦਿਖਾਇਆ ਗਿਆ ਹੈ ਉੱਥੇ ਅਸਲ ਵਿਚ ਅਜਿਹਾ ਕੋਈ ਬੋਰਡ ਲੱਗਾ ਹੀ ਨਹੀਂ ਹੋਇਆ ਹੈ | ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਚਾਬਾ ਨੇ ਇਸ ਸ਼ਰਾਰਤ ਨੂੰ ਗੰਭੀਰਤਾ ਨਾਲ ਲੈਂਦਿਆਂ ਕਿਹਾ ਕਿ ਪਹਿਲੀ ਨਜ਼ਰੇ ਇਹ ਫ਼ੋਟੋ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਅਕਸ ਜਾਣ ਬੁੱਝ ਕੇ ਖ਼ਰਾਬ ਕਰਨ ਲਈ ਤਿਆਰ ਅਤੇ ਸਰਕੂਲੇਟ ਕੀਤੀ ਜਾ ਰਹੀ ਜਾਪਦੀ ਹੈ | ਉਨ੍ਹਾਂ ਸਪੱਸ਼ਟ ਕੀਤਾ ਕਿ ਬਿਨਾ ਤਸਦੀਕ ਸੋਸ਼ਲ ਮੀਡੀਆ ਪੋਸਟਾਂ ਪਾਉਣ ਅਤੇ ਸ਼ੇਅਰ ਕਰਨ ਵਾਲਿਆਂ ਉੱਤੇ ਸਖ਼ਤ ਕਰਵਾਈ ਕੀਤੀ ਜਾਵੇਗੀ | ਐਸ.ਐਸ.ਪੀ ਸ੍ਰੀ ਸਰਤਾਜ ਸਿੰਘ ਚਾਹਲ ਨੇ ਵੀ ਸ਼ਰਾਰਤੀ ਅਨਸਰਾਂ ਨੂੰ ਚਿਤਾਵਨੀ ਦਿੰਦਿਆਂ ਅਜਿਹੀਆਂ ਮਨਘੜਤ ਫ਼ੋਟੋਆਂ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਉੱਤੇ ਪਾਉਣ ਅਤੇ ਸ਼ੇਅਰ ਕਰਨ ਤੋਂ ਵਰਜਿਆ ਹੈ | ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਉੱਤੇ ਸਾਈਬਰ ਸੈੱਲ, ਸੰਗਰੂਰ ਦੀ ਤਿੱਖੀ ਨਜ਼ਰ ਹੈ |