ਸੰਗਰੂਰ, 6 ਜਨਵਰੀ (ਦਮਨਜੀਤ ਸਿੰਘ) - ਸ਼ਹਿਰ ਸੰਗਰੂਰ ਵਿਚ ਬੇਸਹਾਰਾ ਕੁੱਤਿਆਂ ਦੇ ਵਧਦੇ ਆਤੰਕ ਅਤੇ ਪ੍ਰਸ਼ਾਸਨ ਦੀ ਕੁੰਭਕਰਨੀ ਨੀਂਦ ਵਿਰੁੱਧ ਸੰਗਰੂਰ ਨਿਵਾਸੀਆਂ ਨੇ ਮੋਰਚਾ ਖੋਲ੍ਹ ਦਿੱਤਾ ਹੈ | ਐਡਵੋਕੇਟ ਕਮਲ ਆਨੰਦ, ਜਤਿੰਦਰ ਕਾਲੜਾ, ਇੰਜੀਨੀਅਰ ਪਰਵੀਨ ਬਾਂਸਲ ਅਤੇ ਸਤਿੰਦਰ ਸੈਣੀ ਨਗਰ ਕੌਂਸਲਰ ਦੀ ਅਗਵਾਈ ਹੇਠ, ਅਨੀਤਾ ਰਾਣੀ ਨੂੰ ਕੁੱਤੇ ਵੱਲੋਂ ਕੱਟਣ ਦੇ ਮਾਮਲੇ ਵਿਚ ਡਿਪਟੀ ਕਮਿਸ਼ਨਰ ਸੰਗਰੂਰ ਪਾਸ ਇੱਕ ਅਧਿਕਾਰਤ ਪਟੀਸ਼ਨ ਦਾਇਰ ਕਰ ਕੇ 80,000 ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ | ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਜਤਿੰਦਰ ਕਾਲੜਾ ਨੇ ਦੱਸਿਆ ਕਿ ਪੀੜਤ ਅਨੀਤਾ ਰਾਣੀ, ਜੋ ਲੋਕਾਂ ਦੇ ਘਰਾਂ ਵਿਚ ਕੰਮ ਕਰ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੀ ਹੈ ਅਤੇ ਜਦੋਂ ਉਹ ਪ੍ਰੇਮ ਬਸਤੀ ਦੀ ਗਲੀ ਨੰਬਰ 4 ਵਿਚੋਂ ਲੰਘ ਰਹੀ ਸੀ, ਤਾਂ ਆਵਾਰਾ ਕੁੱਤਿਆਂ ਦੇ ਝੁੰਡ ਨੇ ਉਸ 'ਤੇ ਜਾਨਲੇਵਾ ਹਮਲਾ ਕਰ ਦਿੱਤਾ | ਕੁਝ ਰਾਹਗੀਰਾਂ ਦੀ ਮਦਦ ਨਾਲ ਉਸ ਦੀ ਜਾਨ ਬੜੀ ਮੁਸ਼ਕਿਲ ਨਾਲ ਬਚਾਈ ਗਈ ਪਰ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ | ਅਜਿਹੇ ਮਾਮਲਿਆਂ ਬਾਰੇ ਹਾਈ ਕੋਰਟ ਦੇ ਫ਼ੈਸਲੇ ਦਾ ਹਵਾਲਾ ਦਿੰਦਿਆਂ ਐਡਵੋਕੇਟ ਕਮਲ ਆਨੰਦ ਨੇ ਕਿਹਾ ਕਿ ਪਟੀਸ਼ਨ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਉਸ ਇਤਿਹਾਸਕ ਫ਼ੈਸਲੇ ਦਾ ਹਵਾਲਾ ਦਿੱਤਾ ਗਿਆ ਹੈ, ਜਿਸ ਵਿਚ ਆਵਾਰਾ ਕੁੱਤੇ ਦੇ ਕੱਟਣ 'ਤੇ ਪ੍ਰਤੀ ਦੰਦ ਦੇ ਨਿਸ਼ਾਨ 10,000 ਰੁਪਏ ਮੁਆਵਜ਼ਾ ਦੇਣ ਦਾ ਪ੍ਰਬੰਧ ਹੈ | ਅਨੀਤਾ ਰਾਣੀ ਦੇ ਸਰੀਰ 'ਤੇ ਕੁੱਤੇ ਦੇ ਕੱਟਣ ਦੇ ਕਈ ਗੰਭੀਰ ਨਿਸ਼ਾਨ ਹਨ, ਜਿਸ ਦੇ ਆਧਾਰ 'ਤੇ ਇਹ ਮੁਆਵਜ਼ਾ ਰਾਸ਼ੀ ਮੰਗੀ ਗਈ ਹੈ | ਇਸ ਮੌਕੇ ਜਤਿੰਦਰ ਕਾਲੜਾ, ਸਤਿੰਦਰ ਸੈਣੀ ਨਗਰ ਕੌਂਸਲਰ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ, ਆਵਾਰਾ ਪਸ਼ੂਆਂ ਅਤੇ ਕੁੱਤਿਆਂ ਕਾਰਨ ਲੋਕਾਂ ਦਾ ਗਲੀਆਂ ਵਿਚੋਂ ਲੰਘਣਾ ਦੁੱਭਰ ਹੋ ਗਿਆ ਹੈ | ਅੱਜ ਇੱਕ ਗ਼ਰੀਬ ਮਿਹਨਤਕਸ਼ ਅÏਰਤ ਹਸਪਤਾਲ ਵਿਚ ਹੈ ਅਤੇ ਉਸ ਦਾ ਕੰਮ-ਕਾਰ ਛੁੱਟ ਗਿਆ ਹੈ | ਜੇਕਰ ਪ੍ਰਸ਼ਾਸਨ ਨੇ ਜਲਦ ਹੀ ਇਨ੍ਹਾਂ ਆਵਾਰਾ ਜਾਨਵਰਾਂ ਨੂੰ ਨੱਥ ਨਾ ਪਾਈ, ਤਾਂ ਅਸੀਂ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਵਾਂਗੇ | ਇੰਜੀਨੀਅਰ ਪਰਵੀਨ ਬਾਂਸਲ ਨੇ ਮੰਗ ਕੀਤੀ ਹੈ ਕਿ ਨਗਰ ਕੌਂਸਲ ਤੁਰੰਤ ਇਨ੍ਹਾਂ ਕੁੱਤਿਆਂ ਨੂੰ ਫੜਨ ਦੀ ਮੁਹਿੰਮ ਚਲਾਵੇ ਤਾਂ ਜੋ ਕਿਸੇ ਹੋਰ ਦਾ ਜਾਨੀ-ਮਾਲੀ ਨੁਕਸਾਨ ਨਾ ਹੋਵੇ |