ਖਨੌਰੀ, 6 ਜਨਵਰੀ (ਬਲਵਿੰਦਰ ਸਿੰਘ ਥਿੰਦ) - ਖਨੌਰੀ - ਕੈਥਲ ਸੜਕ ਦੀ ਪਿਛਲੇ ਲੰਮੇ ਸਮੇਂ ਤੋਂ ਬਹੁਤ ਹੀ ਮਾੜੀ ਹਾਲਤ ਹੋਣ ਕਰ ਕੇ ਖਨੌਰੀ ਨੇੜਲੇ ਘੱਗਰ ਪਾਰ ਦੇ ਪਿੰਡਾਂ ਦੇ ਲੋਕਾਂ ਆਉਣ ਜਾਣ ਸਮੇਂ ਜਿੱਥੇ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਤਾਂ ਕਰਨਾ ਪੈ ਰਿਹਾ ਹੀ ਰਿਹਾ ਸੀ ਪਰ ਹੁਣ ਇਹ ਸੜਕ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ ਕਿ ਪਿਛਲੇ ਦੋ ਮਹੀਨਿਆਂ ਤੋਂ ਖਨੌਰੀ ਕੈਥਲ ਵਾਲੀ ਸੜਕ 'ਤੇ ਜਾਣ ਵਾਲੀਆਂ ਸਰਕਾਰੀ ਬੱਸਾਂ ਦੀ ਆਵਾਜਾਈ ਤਕਰੀਬਨ ਬੰਦ ਹੋ ਚੁੱਕੀ ਹੈ ਤੇ ਬੱਸਾਂ ਕਿਸੇ ਹੋਰ ਰਸਤੇ ਰਾਹੀਂ ਆ ਜਾ ਰਹੀਆਂ ਹਨ | ਜਿਸ ਕਰ ਕੇ ਇਹਨਾਂ ਪਿੰਡਾਂ ਦੇ ਲੋਕਾਂ ਖ਼ਾਸ ਕਰ ਕੇ ਸਕੂਲਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਅਤੇ ਨੌਕਰੀ ਪੇਸ਼ੇ 'ਤੇ ਜਾਣ ਵਾਲਿਆਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਸਰਕਾਰ ਇਸ ਪਾਸੇ ਉੱਕਾ ਹੀ ਧਿਆਨ ਨਹੀਂ ਦੇ ਰਹੀ | ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਰਾਜਾਂ ਨੂੰ ਜੋੜਨ ਵਾਲੀ ਖਨੌਰੀ ਤੋਂ ਕੈਥਲ ਵਾਲੀ ਮੁੱਖ ਸੜਕ ਦਾ ਖਨੌਰੀ ਤੋਂ ਲੈ ਕੇ ਪੰਜਾਬ ਹਰਿਆਣਾ ਸੂਬਿਆਂ ਦੀ ਹੱਦ ਪਿੰਡ ਸੰਗਤਪੁਰਾ ਤੱਕ ਬਹੁਤ ਹੀ ਬੁਰਾ ਹਾਲ ਹੈ ਤੇ ਇਸ ਸੜਕ ਵਿਚ ਥਾਂ ਥਾਂ 'ਤੇ ਡੰੂਘੇ ਅਤੇ ਵੱਡੇ ਵੱਡੇ ਟੋਏ ਪਏ ਹੋਏ ਹਨ ਜਿਸ ਕਰ ਕੇ ਜਿੱਥੇ ਇਸ ਰੂਟ ਤੇ ਆਉਣ ਜਾਣ ਵਾਲੀ ਆਵਾਜਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਹੀ ਸੀ ,ਕੋਈ ਵਾਹਨ ਫਸ ਜਾਣ ਕਰ ਕੇ ਆਵਾਜਾਈ ਬੰਦ ਹੋ ਕੇ ਰਹਿ ਜਾਂਦੀ ਸੀ | ਖਨੌਰੀ ਤੋਂ ਕੈਥਲ ਜਾਣ ਵਾਲੀਆਂ ਬੱਸਾਂ ਦਾਤਾ ਸਿੰਘ ਵਾਲਾ, ਗੜ੍ਹੀ, ਧਨੌਰੀ, ਬਰਟਾ, ਨੰਦ ਸਿੰਘ ਖੇੜਾ ਤੋਂ ਹੋ ਕੇ ਜਾਂਦੀਆਂ ਤੇ ਆ ਰਹੀਆਂ ਹਨ | ਜਿਸ ਕਰ ਕੇ ਸ਼ੇਰਗੜ੍ਹ, ਗੁਲਜਾਰਪੁਰਾ ਠਰੂਆ, ਅਰਨੋਂ, ਬਾਜੀਗਰ ਥੇਹ, ਗਲੌਲੀ ਆਦਿ ਪਿੰਡਾਂ ਦੇ ਲੋਕ ਇੱਕ ਤਰ੍ਹਾਂ ਨਾਲ ਬੱਸ ਸੇਵਾ ਤੋਂ ਵਾਂਝੇ ਹੋ ਕੇ ਰਹਿ ਗਏ ਹਨ ਅਤੇ ਨੌਕਰੀ ਪੇਸ਼ੇ ਅਤੇ ਸਕੂਲਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਮਜਬੂਰੀ ਵੱਸ ਕੜਾਕੇ ਦੀ ਸਰਦੀ ਵਿਚ ਮੋਟਰਸਾਈਕਲਾਂ 'ਤੇ ਅਤੇ ਜਾਂ ਹੋਰ ਵਾਹਨਾਂ 'ਤੇ ਜਾਣਾ ਆਉਣਾ ਪੈ ਰਿਹਾ ਹੈ | ਇਹ ਵੀ ਵਰਨਣਯੋਗ ਹੈ ਕਿ ਇਸ ਇਲਾਕੇ ਦਾ ਵਿਧਾਇਕ ਵੀ ਇਨ੍ਹਾਂ ਪਿੰਡਾਂ ਦੇ ਗੁਆਂਢ ਨਾਲ ਸਬੰਧਿਤ ਹੋਣ ਦੇ ਬਾਵਜੂਦ ਵੀ ਜਿੱਥੇ ਲੰਮੇ ਸਮੇਂ ਤੋਂ ਸੜਕ ਦੀ ਸਾਰ ਨਹੀਂ ਲਈ ਜਾ ਰਹੀ ਤੇ ਹੁਣ ਬੱਸ ਸੇਵਾ ਤੋਂ ਵੀ ਲੋਕ ਤਰਸ ਗਏ ਹਨ | ਲੋਕਾਂ ਦੀ ਮੰਗ ਹੈ ਕਿ ਇਸ ਖਨੌਰੀ ਤੋਂ ਕੈਥਲ ਨੂੰ ਜਾਣ ਵਾਲੀ ਸੜਕ ਦੀ ਚੰਗੀ ਤਰ੍ਹਾਂ ਮੁਰੰਮਤ ਕਰਵਾਈ ਜਾਵੇ ਤਾਂ ਜੋ ਲੋਕਾਂ ਨੂੰ ਆ ਰਹੀ ਪਰੇਸ਼ਾਨੀ ਤੋਂ ਰਾਹਤ ਮਿਲ ਸਕੇ |